Sukhbir Singh Badal ਖ਼ਿਲਾਫ਼ ਜਾਰੀ ਹੁਕਮਨਾਮੇ ਕਾਰਨ ਮੈਨੂੰ ਸੇਵਾ ਤੋਂ ਹਟਾਇਆ: Giani Raghbir Singh
ਸ੍ਰੀ ਹਰਿਮੰਦਰ ਸਾਹਿਬ ਦੇ ਜਬਰੀ ਸੇਵਾਮੁਕਤ ਕੀਤੇ ਗਏ ਹੈਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਆਖਿਆ ਕਿ ਇਸ ਫੈਸਲੇ ਪਿੱਛੇ ਦੋ ਦਸੰਬਰ 2024 ਨੂੰ ਅਕਾਲ ਤਖਤ ਤੋਂ ਕੀਤਾ ਗਿਆ ਹੁਕਮਨਾਮਾ ਹੈ। ਜੇਕਰ ਇਹ ਹੁਕਮਨਾਮਾ ਉਨ੍ਹਾਂ ਦੇ ਹੱਕ ਵਿੱਚ ਹੁੰਦਾ ਤਾਂ ਫਿਰ ਅੱਜ ਇਹ ਸਥਿਤੀ ਨਹੀਂ ਹੋਣੀ ਸੀ।
ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਫੈਸਲੇ ’ਤੇ ਆਪਣਾ ਪ੍ਰਤੀਕਰਮ ਜਾਰੀ ਕਰਦਿਆਂ ਇੱਕ ਵੀਡੀਓ ਵਿੱਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ 2 ਦਸੰਬਰ 2024 ਨੂੰ ਅਕਾਲ ਤਖਤ ਦੀ ਫਸੀਲ ਤੋਂ ਕੀਤੇ ਗਏ ਹੁਕਮਨਾਮੇ ’ਤੇ ਉਹ ਦ੍ਰਿੜਤਾ ਨਾਲ ਖੜ੍ਹੇ ਹਨ ਅਤੇ ਇਹ ਹੁਕਮਨਾਮਾ ਬਿਲਕੁਲ ਠੀਕ ਸੀ। ਉਹਨਾਂ ਆਖਿਆ ਕਿ ਇਸ ਹੁਕਮਨਾਮੇ ਦੇ ਕਾਰਨ ਹੀ ਉਹਨਾਂ ਤੋਂ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁਦੇ ਤੋਂ ਹਟਾਇਆ ਗਿਆ ਅਤੇ ਉਹਨਾਂ ਤੋਂ ਬਾਅਦ ਮੈਨੂੰ (ਗਿਆਨੀ ਰਘਬੀਰ ਸਿੰਘ) ਅਤੇ ਗਿਆਨੀ ਸੁਲਤਾਨ ਸਿੰਘ ਨੂੰ ਅਹੁਦਿਆਂ ਤੋਂ ਹਟਾਇਆ ਗਿਆ।
ਦੱਸਣ ਯੋਗ ਹੈ ਕਿ 2 ਦਸੰਬਰ 2024 ਨੂੰ ਅਕਾਲ ਤਖਤ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਨਾਲ ਹੋਰ ਅਕਾਲੀ ਆਗੂਆਂ ਖਿਲਾਫ ਕਾਰਵਾਈ ਕਰਦਿਆਂ ਤਨਖਾਹ ਲਾਈ ਗਈ ਸੀ।
ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ 18 ਫਰਵਰੀ ਨੂੰ ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਪ੍ਰਬੰਧ ਖਿਲਾਫ ਜੋ ਦੋਸ਼ ਲਾਏ ਗਏ ਸਨ, ਉਸ ਸਬੰਧੀ ਉਨ੍ਹਾਂ ਕੋਲ ਸਾਰੇ ਸਬੂਤ ਹਨ ਅਤੇ ਉਹ ਇਹ ਸਬੂਤ ਸੰਗਤ ਦੇ ਸਾਹਮਣੇ ਰੱਖਣਗੇ। ਇੱਕ ਸਵਾਲ ਦਾ ਜਵਾਬ ਵਿੱਚ ਉਨ੍ਹਾਂ ਆਖਿਆ ਕਿ ਅੰਤ੍ਰਿੰਗ ਕਮੇਟੀ ਵੱਲੋਂ ਅੱਜ ਕੀਤਾ ਗਿਆ ਫੈਸਲਾ ਵੀ ਪਿੱਛੋਂ ਆਇਆ ਹੋਵੇਗਾ। ਸ਼੍ਰੋਮਣੀ ਕਮੇਟੀ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ ਜਿਸ ਲਈ ਸਿੱਖਾਂ ਨੇ ਅਣਗਿਣਤ ਕੁਰਬਾਨੀਆਂ ਦਿੱਤੀਆਂ ਹਨ। ਉਹਨਾਂ ਆਖਿਆ ਕਿ ਸੰਸਥਾ ਵਿੱਚ ਕੋਈ ਖਰਾਬੀ ਨਹੀਂ ਹੈ ਸਗੋਂ ਇਸ ਦਾ ਸਿਸਟਮ ਠੀਕ ਨਹੀਂ ਹੈ।
ਉਹਨਾਂ ਆਖਿਆ ਕਿ ਸੇਵਾ ਕਾਲ ਪੂਰਾ ਹੋਣ ਤੋਂ ਪਹਿਲਾਂ ਜਬਰੀ ਹਟਾਉਣਾ ਠੀਕ ਨਹੀਂ ਹੈ। ਉਹਨਾਂ ਦੇ ਸੇਵਾ ਕਾਲ ਵਿੱਚ ਦੋ ਸਾਲ ਤੋਂ ਵੱਧ ਦਾ ਸਮਾਂ ਬਾਕੀ ਰਹਿੰਦਾ ਸੀ ਪਰ ਇਸ ਦੇ ਬਾਵਜੂਦ ਉਹ ਕੀਤੇ ਗਏ ਫੈਸਲੇ ਦਾ ਸਵਾਗਤ ਕਰਦੇ ਹਨ।