Galgotias University ਨੇ AI ਸੰਮੇਲਨ ਵਿੱਚ ਪਏ ‘ਭੁਲੇਖੇ’ ਲਈ ਮੰਗੀ ਮੁਆਫੀ
ਨਿੱਜੀ ਯੂਨੀਵਰਸਿਟੀ ਗਲਗੋਟੀਆਸ ਨੇ ਬੁੱਧਵਾਰ ਨੂੰ ‘ਇੰਡੀਆ ਏਆਈ ਇਮਪੈਕਟ ਸਮਿਟ’ (India AI Impact Summit) ਦੌਰਾਨ ਚੀਨ ਦੇ ਬਣੇ ਇੱਕ ਰੋਬੋਟਿਕ ਕੁੱਤੇ ਨੂੰ ਆਪਣੀ ਕਾਢ ਵਜੋਂ ਪ੍ਰਦਰਸ਼ਿਤ ਕਰਨ ‘ਤੇ ਪੈਦਾ ਹੋਏ ਵਿਵਾਦ ਤੋਂ ਬਾਅਦ “ਭੁਲੇਖੇ” ਲਈ ਮੁਆਫੀ ਮੰਗੀ ਹੈ। ਯੂਨੀਵਰਸਿਟੀ ਨੇ ਕਿਹਾ ਕਿ ਪੈਵੇਲੀਅਨ ਵਿੱਚ ਮੌਜੂਦ ਉਨ੍ਹਾਂ ਦਾ ਇੱਕ ਪ੍ਰਤੀਨਿਧ ਘੱਟ ਜਾਣਕਾਰੀ ਰੱਖਦਾ ਸੀ।
ਇਹ ਵਿਵਾਦ ਉਦੋਂ ਸ਼ੁਰੂ ਹੋਇਆ ਜਦੋਂ ਯੂਨੀਵਰਸਿਟੀ ਵਿੱਚ ਕਮਿਊਨੀਕੇਸ਼ਨ ਦੀ ਪ੍ਰੋਫੈਸਰ ਨੇਹਾ ਸਿੰਘ ਨੇ ਮੰਗਲਵਾਰ ਨੂੰ ਡੀਡੀ ਨਿਊਜ਼ (DD News) ਨੂੰ ‘ਓਰੀਅਨ’ (Orion) ਨਾਮਕ ਇੱਕ ਰੋਬੋਟਿਕ ਕੁੱਤਾ ਦਿਖਾਉਂਦੇ ਹੋਏ ਕਿਹਾ ਕਿ ਇਸ ਨੂੰ “ਗਲਗੋਟੀਆਸ ਯੂਨੀਵਰਸਿਟੀ ਦੇ ਸੈਂਟਰ ਆਫ਼ ਐਕਸੀਲੈਂਸ ਦੁਆਰਾ ਤਿਆਰ ਕੀਤਾ ਗਿਆ ਹੈ”।
ਮਾਮਲਾ ਵਧਣ ‘ਤੇ ਯੂਨੀਵਰਸਿਟੀ ਨੂੰ AI ਸੰਮੇਲਨ ਵਿੱਚ ਲਗਾਇਆ ਸਟਾਲ ਖਾਲੀ ਕਰਨ ਲਈ ਕਿਹਾ ਗਿਆ। ਯੂਨੀਵਰਸਿਟੀ ਦੇ ਬੁਲਾਰੇ ਨੇ ਕਿਹਾ, “ਅਸੀਂ ਹਾਲ ਹੀ ਦੇ AI ਸੰਮੇਲਨ ਵਿੱਚ ਪੈਦਾ ਹੋਏ ਭੁਲੇਖੇ ਲਈ ਮੁਆਫੀ ਮੰਗਣਾ ਚਾਹੁੰਦੇ ਹਾਂ। ਪੈਵੇਲੀਅਨ ਵਿੱਚ ਮੌਜੂਦ ਸਾਡੀ ਇੱਕ ਪ੍ਰਤੀਨਿਧ ਕੋਲ ਪੂਰੀ ਜਾਣਕਾਰੀ ਨਹੀਂ ਸੀ।”
ਬੁਲਾਰੇ ਨੇ ਅੱਗੇ ਕਿਹਾ, “ਉਸ ਨੂੰ ਉਤਪਾਦ ਦੇ ਤਕਨੀਕੀ ਮੂਲ ਬਾਰੇ ਪਤਾ ਨਹੀਂ ਸੀ ਅਤੇ ਕੈਮਰੇ ‘ਤੇ ਆਉਣ ਦੇ ਉਤਸ਼ਾਹ ਵਿੱਚ ਉਸ ਨੇ ਤੱਥਾਂ ਪੱਖੋਂ ਗਲਤ ਜਾਣਕਾਰੀ ਦਿੱਤੀ, ਹਾਲਾਂਕਿ ਉਹ ਪ੍ਰੈਸ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਸੀ। ਯੂਨੀਵਰਸਿਟੀ ਦਾ ਕਿਸੇ ਵੀ ਕਾਢ ਨੂੰ ਗਲਤ ਤਰੀਕੇ ਨਾਲ ਪੇਸ਼ ਕਰਨ ਦਾ ਕੋਈ ਇਰਾਦਾ ਨਹੀਂ ਸੀ।”
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਆਈ.ਟੀ. (IT) ਸਕੱਤਰ ਐੱਸ. ਕ੍ਰਿਸ਼ਨਨ ਨੇ ਕਿਹਾ ਕਿ ਸਰਕਾਰ ਨਹੀਂ ਚਾਹੁੰਦੀ ਕਿ ਕੋਈ ਵੀ ਪ੍ਰਦਰਸ਼ਨੀ ਲਗਾਉਣ ਵਾਲਾ ਅਜਿਹੀਆਂ ਚੀਜ਼ਾਂ ਦਿਖਾਵੇ ਜੋ ਉਨ੍ਹਾਂ ਦੀਆਂ ਆਪਣੀਆਂ ਨਹੀਂ ਹਨ। ਉਨ੍ਹਾਂ ਕਿਹਾ, “ਅਸੀਂ ਨਹੀਂ ਚਾਹੁੰਦੇ ਕਿ ਅਜਿਹੀਆਂ ਪ੍ਰਦਰਸ਼ਨੀਆਂ ਜਾਰੀ ਰਹਿਣ”