India latest news

US-Sanctioned Tankers: ਭਾਰਤ ਨੇ ਈਰਾਨ ਨਾਲ ਸਬੰਧਤ ਤਿੰਨ ਤੇਲ ਟੈਂਕਰ ਕੀਤੇ ਜ਼ਬਤ

US-Sanctioned Tankers: ਭਾਰਤ ਨੇ ਈਰਾਨ ਨਾਲ ਸਬੰਧਤ ਤਿੰਨ ਤੇਲ ਟੈਂਕਰ ਕੀਤੇ ਜ਼ਬਤ
  • PublishedFebruary 17, 2026

ਭਾਰਤੀ ਤੱਟ ਰੱਖਿਅਕ ਬਲ (ICG) ਨੇ ਇੱਕ ਵੱਡੀ ਕਾਰਵਾਈ ਕਰਦਿਆਂ ਈਰਾਨ ਨਾਲ ਸਬੰਧਤ ਅਤੇ ਅਮਰੀਕੀ ਪਾਬੰਦੀਆਂ ਦੀ ਸੂਚੀ ਵਿੱਚ ਸ਼ਾਮਲ ਤਿੰਨ ਤੇਲ ਟੈਂਕਰਾਂ ਨੂੰ ਜ਼ਬਤ ਕਰ ਲਿਆ ਹੈ। ਰਿਪੋਰਟ ਅਨੁਸਾਰ, ਇਹ ਜਹਾਜ਼- ਸਟੈਲਰ ਰੂਬੀ, ਐਸਫਾਲਟ ਸਟਾਰ ਅਤੇ ਅਲ ਜਾਫਜ਼ੀਆ, ਆਪਣੀ ਪਛਾਣ ਬਦਲ ਕੇ ਗੈਰ-ਕਾਨੂੰਨੀ ਤਰੀਕੇ ਨਾਲ ਤੇਲ ਦੀ ਤਸਕਰੀ ਕਰ ਰਹੇ ਸਨ।

ਮੁੰਬਈ ਦੇ ਤੱਟ ਤੋਂ ਲਗਭਗ 100 ਨੌਟੀਕਲ ਮੀਲ ਦੂਰ ਕੀਤੀ ਗਈ ਇਸ ਕਾਰਵਾਈ ਨੇ ਇੱਕ ਕੌਮਾਂਤਰੀ ਤੇਲ ਸਮਗਲਿੰਗ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਭਾਰਤ ਨੇ ਆਪਣੇ ਸਮੁੰਦਰੀ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਨਜਾਇਜ਼ ‘ਸ਼ਿਪ-ਟੂ-ਸ਼ਿਪ’ ਟਰਾਂਸਫਰ ਨੂੰ ਰੋਕਣ ਲਈ ਹੁਣ 55 ਦੇ ਕਰੀਬ ਜਹਾਜ਼ ਅਤੇ ਕਈ ਜਹਾਜ਼ ਨਿਗਰਾਨੀ ਲਈ ਤਾਇਨਾਤ ਕਰ ਦਿੱਤੇ ਹਨ।

ਇਹ ਕਾਰਵਾਈ ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਤਾਜ਼ਾ ਵਪਾਰਕ ਸਮਝੌਤੇ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮਜ਼ਬੂਤ ਹੁੰਦੇ ਸਬੰਧਾਂ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਮੰਨੀ ਜਾ ਰਹੀ ਹੈ। ਹਾਲਾਂਕਿ ਇਰਾਨੀ ਸਰਕਾਰੀ ਮੀਡੀਆ ਨੇ ਇਨ੍ਹਾਂ ਜਹਾਜ਼ਾਂ ਦਾ ਆਪਣੀ ਕੌਮੀਂ ਤੇਲ ਕੰਪਨੀ ਨਾਲ ਕਿਸੇ ਵੀ ਤਰ੍ਹਾਂ ਦੇ ਸਬੰਧ ਤੋਂ ਇਨਕਾਰ ਕੀਤਾ ਹੈ ਪਰ ਅੰਕੜੇ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਕੁਝ ਜਹਾਜ਼ ਪਹਿਲਾਂ ਵੀ ਈਰਾਨੀ ਤੇਲ ਦੀ ਢੋਆ-ਢੁਆਈ ਵਿੱਚ ਸ਼ਾਮਲ ਰਹੇ ਹਨ।