latest news Sports

T20 World Cup: ਭਾਰਤੀ ਖਿਡਾਰੀਆਂ ਨਾਲ ਹੱਥ ਮਿਲਾਉਣ ਬਾਰੇ ਭਲਕ ਦੇਖਾਂਗੇ: Pakistan skipper Salman Agha

T20 World Cup: ਭਾਰਤੀ ਖਿਡਾਰੀਆਂ ਨਾਲ ਹੱਥ ਮਿਲਾਉਣ ਬਾਰੇ ਭਲਕ ਦੇਖਾਂਗੇ: Pakistan skipper Salman Agha
  • PublishedFebruary 14, 2026

ਟੀ-20 ਵਿਸ਼ਵ ਕੱਪ ਦਾ ਵੱਡਾ ਮੁਕਾਬਲਾ ਭਾਰਤ ਤੇ ਪਾਕਿਸਤਾਨ ਦਰਮਿਆਨ 15 ਫਰਵਰੀ ਨੂੰ ਹੋਵੇਗਾ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨੀ ਕਪਤਾਨ ਸਲਮਾਨ ਅਲੀ ਆਗਾ ਨੇ ਭਾਰਤੀ ਟੀਮ ਨਾਲ ਹੱਥ ਮਿਲਾਉਣ ਦੇ ਸਵਾਲ ’ਤੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ। ਉਨ੍ਹਾਂ ਸਿਰਫ਼ ਇੰਨਾ ਕਿਹਾ ਕਿ ਇਸ ਬਾਰੇ ਭਲਕ ਹੀ ਦੇਖਿਆ ਜਾਵੇਗਾ ਪਰ ਉਨ੍ਹਾਂ ਨੂੰ ਉਮੀਦ ਹੈ ਕਿ ਦੋਵੇਂ ਟੀਮਾਂ ਖੇਡ ਭਾਵਨਾ ਨੂੰ ਬਰਕਰਾਰ ਰੱਖਣਗੀਆਂ। ਦਰਅਸਲ ਇਹ ਵਿਵਾਦ ਪਿਛਲੇ ਸਾਲ ਸਤੰਬਰ ਵਿੱਚ ਦੁਬਈ ਵਿੱਚ ਹੋਏ ਏਸ਼ੀਆ ਕੱਪ ਦੌਰਾਨ ਸ਼ੁਰੂ ਹੋਇਆ ਸੀ ਜਦੋਂ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਟੀਮ ਪਾਕਿਸਤਾਨ ਨਾਲ ਹੱਥ ਨਹੀਂ ਮਿਲਾਏਗੀ। ਭਾਰਤ ਨੇ ਇਹ ਫੈਸਲਾ ਪਿਛਲੇ ਸਾਲ ਅਪਰੈਲ ਵਿੱਚ ਪਹਿਲਗਾਮ ਹਮਲੇ ਵਿੱਚ ਜਾਨ ਗੁਆਉਣ ਵਾਲੇ ਭਾਰਤੀ ਨਾਗਰਿਕਾਂ ਦੇ ਸਨਮਾਨ ਵਿੱਚ ਅਤੇ ਭਾਰਤੀ ਫੌਜ ਦੇ ਅਪਰੇਸ਼ਨ ਸਿੰਧੂਰ ਨਾਲ ਇਕਜੁੱਟਤਾ ਦਿਖਾਉਣ ਲਈ ਲਿਆ ਸੀ।

ਸਮਝਿਆ ਜਾ ਰਿਹਾ ਹੈ ਕਿ ਐਤਵਾਰ ਨੂੰ ਵੀ ਇਹੀ ਤਰੀਕਾ ਅਪਣਾਇਆ ਜਾਵੇਗਾ ਅਤੇ ਟਾਸ ਜਾਂ ਮੈਚ ਦੇ ਅੰਤ ਵਿੱਚ ਦੋਵੇਂ ਕਪਤਾਨ ਇੱਕ-ਦੂਜੇ ਨਾਲ ਹੱਥ ਨਹੀਂ ਮਿਲਾਉਣਗੇ। ਸਲਮਾਨ ਆਗਾ ਨੇ ਕਿਸੇ ਵੀ ਵਿਵਾਦ ਤੋਂ ਕਿਨਾਰਾ ਕਰਦੇ ਹੋਏ ਕਿਹਾ ਕਿ ਉਹ ਚਾਹੁੰਦੇ ਹਨ ਕਿ ਮੈਚ ਉਸੇ ਖੇਡ ਭਾਵਨਾ ਨਾਲ ਖੇਡਿਆ ਜਾਵੇ ਜਿਸ ਲਈ ਇਹ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਵਿਸ਼ਵ ਕੱਪ ਵਿੱਚ ਭਾਰਤ ਦੇ ਦਬਦਬੇ ਨੂੰ ਵੀ ਸਵੀਕਾਰ ਕਰਦਿਆਂ ਕਿਹਾ ਕਿ ਵਿਸ਼ਵ ਕੱਪ ਵਿੱਚ ਪਾਕਿਸਤਾਨ ਦਾ ਭਾਰਤ ਖਿਲਾਫ ਰਿਕਾਰਡ ਚੰਗਾ ਨਹੀਂ ਰਿਹਾ ਪਰ ਉਹ ਮੈਚ ਹਰ ਹਾਲ ਜਿੱਤਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਪਿੰਨਰ ਉਸਮਾਨ ਤਾਰਿਕ ਨੂੰ ਆਪਣੀ ਟੀਮ ਦਾ ‘ਟਰੰਪ ਕਾਰਡ’ ਦੱਸਿਆ ਅਤੇ ਉਸ ਦੇ ਗੇਂਦਬਾਜ਼ੀ ਐਕਸ਼ਨ ਬਾਰੇ ਹੋ ਰਹੀਆਂ ਗੱਲਾਂ ਨੂੰ ਨਕਾਰਦਿਆਂ ਕਿਹਾ ਕਿ ਉਸ ਦਾ ਐਕਸ਼ਨ ਦੋ ਵਾਰ ਕਲੀਅਰ ਹੋ ਚੁੱਕਾ ਹੈ।