India latest news

Lamborghini Accident: ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਸ਼ਿਵਮ ਮਿਸ਼ਰਾ ਨੂੰ ਮਿਲੀ ਜ਼ਮਾਨਤ

Lamborghini Accident: ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਸ਼ਿਵਮ ਮਿਸ਼ਰਾ ਨੂੰ ਮਿਲੀ ਜ਼ਮਾਨਤ
  • PublishedFebruary 12, 2026

ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਪੁੱਤਰ ਸ਼ਿਵਮ ਮਿਸ਼ਰਾ ਨੂੰ ਹਫਤੇ ਦੇ ਸ਼ੁਰੂ ਵਿੱਚ ਵੀਆਈਪੀ ਰੋਡ ‘ਤੇ ਹੋਏ ਹਾਈ-ਪ੍ਰੋਫਾਈਲ ਲੈਂਬੋਰਗਿਨੀ ਹਾਦਸੇ ਦੇ ਸਬੰਧ ਵਿੱਚ ਗ੍ਰਿਫਤਾਰੀ ਤੋਂ ਕੁਝ ਘੰਟਿਆਂ ਬਾਅਦ ਕਾਨਪੁਰ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ।

ਗ੍ਰਿਫਤਾਰੀ ਤੋਂ ਬਾਅਦ ਪੁਲੀਸ ਨੇ ਸ਼ਿਵਮ ਨੂੰ ਸਵੇਰੇ 10 ਵਜੇ ਦੇ ਕਰੀਬ ਵਧੀਕ ਮੁੱਖ ਜੁਡੀਸ਼ੀਅਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ ਉਸ ਦੀ ਨਿਆਂਇਕ ਹਿਰਾਸਤ ਦੀ ਮੰਗ ਕੀਤੀ ਸੀ। ਜ਼ਿਲ੍ਹਾ ਸਰਕਾਰੀ ਕੌਂਸਲ (ਕ੍ਰਾਈਮ) ਦਿਲੀਪ ਅਵਸਥੀ ਨੇ ਦੱਸਿਆ ਕਿ ਸ਼ਿਵਮ ਨੂੰ 20,000 ਰੁਪਏ ਦਾ ਜ਼ਮਾਨਤੀ ਬਾਂਡ ਭਰਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।

ਮੁਲਜ਼ਮ ਦੇ ਵਕੀਲ ਅਨੰਤ ਸ਼ਰਮਾ ਨੇ ਦੱਸਿਆ ਕਿ ਪੁਲੀਸ ਨੇ ਮਿਸ਼ਰਾ ਦੇ ਰਿਮਾਂਡ ਦੀ ਮੰਗ ਕਰਦਿਆਂ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ, ਪਰ ਉਨ੍ਹਾਂ ਦਾਅਵਾ ਕੀਤਾ ਕਿ ਰਿਮਾਂਡ ਦੇ ਕਾਗਜ਼ਾਂ ਵਿੱਚ ਕਈ ਤਰੁੱਟੀਆਂ ਸਨ।

ਜ਼ਿਕਰਯੋਗ ਹੈ ਕਿ ਕਾਨਪੁਰ ਦੀ ਵੀ.ਆਈ.ਪੀ. ਰੋਡ ’ਤੇ ਵਾਪਰੇ ਭਿਆਨਕ ਲੈਂਬੋਰਗਿਨੀ ਹਾਦਸੇ ਦੇ ਮਾਮਲੇ ਵਿੱਚ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਮਸ਼ਹੂਰ ਤੰਬਾਕੂ ਕਾਰੋਬਾਰੀ ਕੇ.ਕੇ. ਮਿਸ਼ਰਾ ਦੇ ਪੁੱਤਰ ਸ਼ਿਵਮ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਹਾਦਸਾ ਚਾਰ ਦਿਨ ਪਹਿਲਾਂ ਵਾਪਰਿਆ ਸੀ, ਜਦੋਂ ਇੱਕ ਬੇਕਾਬੂ ਲੈਂਬੋਰਗਿਨੀ (Lamborghini Huracan) ਨੇ ਕਈ ਵਾਹਨਾਂ ਅਤੇ ਰਾਹਗੀਰਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ ਕਈ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਸਨ।

ਹਾਦਸੇ ਤੋਂ ਬਾਅਦ ਲਗਜ਼ਰੀ ਕਾਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਈਆਂ ਸਨ। ਜਿਸ ਤੋਂ ਬਾਅਦ ਪੁਲੀਸ ਲਗਾਤਾਰ ਇਸ ਮਾਮਲੇ ਵਿੱਚ ਜਾਂਚ ਕਰ ਰਹੀ ਸੀ।ਜਾਂਚ ਦੌਰਾਨ ਇਸ ਗੱਲ ’ਤੇ ਕਾਫ਼ੀ ਹੰਗਾਮਾ ਹੋਇਆ ਕਿ ਕਾਰ ਕੌਣ ਚਲਾ ਰਿਹਾ ਸੀ। ਸ਼ਿਵਮ ਦੇ ਪਰਿਵਾਰ ਅਤੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਕਾਰ ਮੋਹਨ ਨਾਮ ਦਾ ਡਰਾਈਵਰ ਚਲਾ ਰਿਹਾ ਸੀ।

ਹਾਲਾਂਕਿ, ਪੁਲੀਸ ਨੇ ਸੀ.ਸੀ.ਟੀ.ਵੀ. ਫੁਟੇਜ ਅਤੇ ਚਸ਼ਮਦੀਦਾਂ ਦੇ ਬਿਆਨਾਂ ਦੇ ਅਧਾਰ ’ਤੇ ਇਹ ਸਪੱਸ਼ਟ ਕੀਤਾ ਕਿ ਹਾਦਸੇ ਵੇਲੇ ਸ਼ਿਵਮ ਮਿਸ਼ਰਾ ਹੀ ਡਰਾਈਵਰ ਸੀਟ ’ਤੇ ਮੌਜੂਦ ਸੀ। ਡਰਾਈਵਰ ਵੱਲੋਂ ਅਦਾਲਤ ਵਿੱਚ ਆਤਮ-ਸਮਰਪਣ ਕਰਨ ਦੀ ਕੋਸ਼ਿਸ਼ ਨੂੰ ਵੀ ਨਕਾਰ ਦਿੱਤਾ ਗਿਆ ਹੈ।