ਗੌਰਵ ਗੋਗੋਈ, ਬ੍ਰਿਟਿਸ਼ ਪਤਨੀ ਦਾ ਪਾਕਿ ਏਜੰਟ ਨਾਲ ‘ਡੂੰਘਾ ਸਬੰਧ’: ਹਿਮੰਤ ਬਿਸਵਾ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਾਂਗਰਸ ਸਾਂਸਦ ਗੌਰਵ ਗੋਗੋਈ ਅਤੇ ਉਨ੍ਹਾਂਦੀ ਬ੍ਰਿਟਿਸ਼ ਪਤਨੀ ਐਲਿਜ਼ਾਬੈਥ ਕੋਲਬਰਨ ’ਤੇ ਗੰਭੀਰ ਸਵਾਲ ਚੁੱਕੇ ਹਨ। ਸਰਮਾ ਨੇ ਦਾਅਵਾ ਕੀਤਾ ਕਿ ਗੋਗੋਈ ਦੀ ਪਤਨੀ ਅਤੇ ਪਾਕਿਸਤਾਨੀ ਨਾਗਰਿਕ ਅਲੀ ਤੌਕੀਰ ਸ਼ੇਖ ਵਿਚਕਾਰ ‘ਡੂੰਘੇ ਸਬੰਧ’ ਹਨ ਅਤੇ ਭਾਰਤ ਦੀਆਂ ਗੁਪਤ ਸੂਚਨਾਵਾਂ ਗੁਆਂਢੀ ਦੇਸ਼ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ।
ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਕਿ ਕੋਲਬਰਨ ਦੀ ਤਨਖਾਹ ਪਾਕਿਸਤਾਨੀ ਸੰਸਥਾ ਵੱਲੋਂ FCRA ਨਿਯਮਾਂ ਦੀ ਉਲੰਘਣਾ ਕਰਕੇ ਦਿੱਤੀ ਗਈ ਸੀ। ਇਸ ਤੋਂ ਇਲਾਵਾ, ਸਰਮਾ ਨੇ ਗੋਗੋਈ ਦੀ 2013 ਦੀ ਪਾਕਿਸਤਾਨ ਫੇਰੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਉਹ ਉੱਥੇ ‘ਗੁਪਤ ਸਿਖਲਾਈ’ ਲਈ ਗਏ ਸਨ। ਅਸਾਮ ਸਰਕਾਰ ਨੇ ਇਸ ਮਾਮਲੇ ਦੀ ਰਾਸ਼ਟਰੀ ਪੱਧਰ ’ਤੇ ਜਾਂਚ ਲਈ ਗ੍ਰਹਿ ਮੰਤਰਾਲੇ ਨੂੰ ਸਿਫ਼ਾਰਿਸ਼ ਕੀਤੀ ਹੈ।
ਦੂਜੇ ਪਾਸੇ, ਗੌਰਵ ਗੋਗੋਈ ਨੇ ਇਨ੍ਹਾਂ ਇਲਜ਼ਾਮਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਮੁੱਖ ਮੰਤਰੀ ਦੀ ਪ੍ਰੈੱਸ ਕਾਨਫਰੰਸ ਨੂੰ ‘ਸੁਪਰ ਫਲਾਪ’ ਅਤੇ ‘ਸੀ-ਗ੍ਰੇਡ ਸਿਨੇਮਾ’ ਤੋਂ ਵੀ ਮਾੜੀ ਕਰਾਰ ਦਿੱਤਾ ਹੈ। ਗੋਗੋਈ ਨੇ ਕਿਹਾ ਕਿ ਮੁੱਖ ਮੰਤਰੀ ਆਪਣੀ ਅਤੇ ਆਪਣੇ ਪਰਿਵਾਰ ਦੀ 12,000 ਬੀਘਾ ਜ਼ਮੀਨ ਦੇ ਕਬਜ਼ੇ ਦੀ ਖ਼ਬਰ ਤੋਂ ਧਿਆਨ ਭਟਕਾਉਣ ਲਈ ਅਜਿਹੇ ਬੇਬੁਨਿਆਦ ਮੁੱਦੇ ਉਛਾਲ ਰਹੇ ਹਨ।
ਉਨ੍ਹਾਂ ਨੇ ਸਰਮਾ ਦੀ ਰਾਜਨੀਤੀ ਨੂੰ ‘ਬੇਤੁਕੀ’ ਦੱਸਿਆ। ਜ਼ਿਕਰਯੋਗ ਹੈ ਕਿ ਹਿਮੰਤਾ ਬਿਸਵਾ ਸਰਮਾ ਨੇ ਐਲਿਜ਼ਾਬੈਥ ਕੋਲਬਰਨ ਦੇ ਪਾਕਿਸਤਾਨੀ ਬੈਂਕ ਖਾਤੇ ਅਤੇ ਗੋਗੋਈ ਵੱਲੋਂ ਚੋਣ ਹਲਫ਼ਨਾਮੇ ਵਿੱਚ ਜਾਣਕਾਰੀ ਲੁਕਾਉਣ ਦੇ ਵੀ ਇਲਜ਼ਾਮ ਲਾਏ ਹਨ ਅਤੇ ਉਨ੍ਹਾਂ ਦਾ OCI ਕਾਰਡ ਰੱਦ ਕਰਨ ਦੀ ਮੰਗ ਕੀਤੀ ਹੈ।