Noida Techie Death: ਬਿਲਡਰ ਗ੍ਰਿਫਤਾਰ, SIT ਨੇ ਸ਼ੁਰੂ ਕੀਤੀ ਜਾਂਚ; 5 ਦਿਨਾਂ ‘ਚ ਸੌਂਪੀ ਜਾਵੇਗੀ ਰਿਪੋਰਟ
ਨੋਇਡਾ ਦੇ ਸੈਕਟਰ 150 ਵਿੱਚ ਵਾਪਰੇ ਦਰਦਨਾਕ ਹਾਦਸੇ ਵਿੱਚ 27 ਸਾਲਾ ਸਾਫਟਵੇਅਰ ਇੰਜੀਨੀਅਰ ਯੁਵਰਾਜ ਮਹਿਤਾ ਦੀ ਮੌਤ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਪੁਲੀਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਰੀਅਲ ਅਸਟੇਟ ਫਰਮ MZ Wiztown Planners ਦੇ ਡਾਇਰੈਕਟਰ ਅਭੈ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਹੈ। ਦੂਜੇ ਪਾਸੇ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (SIT) ਨੇ ਘਟਨਾ ਸਥਾਨ ਦਾ ਦੌਰਾ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਟੀਮ ਦੀ ਅਗਵਾਈ ADG ਮੇਰਠ ਜ਼ੋਨ, ਭਾਨੂ ਭਾਸਕਰ ਕਰ ਰਹੇ ਹਨ। ਇਸ ਮਾਮਲੇ ਵਿੱਚ ਜਿੱਥੇ ਬਿਲਡਰਾਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਸਰਕਾਰ ਨੇ ਨੋਇਡਾ ਅਥਾਰਟੀ ਦੇ CEO ਲੋਕੇਸ਼ ਐਮ. ਨੂੰ ਵੀ ਅਹੁਦੇ ਤੋਂ ਹਟਾ ਦਿੱਤਾ ਹੈ।
ਮ੍ਰਿਤਕ ਦੇ ਪਿਤਾ ਰਾਜ ਕੁਮਾਰ ਮਹਿਤਾ ਨੇ ਅਧਿਕਾਰੀਆਂ ਅਤੇ ਬਿਲਡਰਾਂ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਾਏ ਹਨ। ਉਨ੍ਹਾਂ ਕਿਹਾ ਕਿ ਜੇਕਰ ਮੌਕੇ ’ਤੇ ਮਾਹਿਰ ਗੋਤਾਖੋਰ ਹੁੰਦੇ, ਤਾਂ ਉਨ੍ਹਾਂ ਦੇ ਪੁੱਤਰ ਦੀ ਜਾਨ ਬਚਾਈ ਜਾ ਸਕਦੀ ਸੀ। ਉਨ੍ਹਾਂ ਮੁਤਾਬਕ ਯੁਵਰਾਜ ਕਾਰ ਡੁੱਬਣ ਵੇਲੇ ਲਗਾਤਾਰ ਮਦਦ ਲਈ ਪੁਕਾਰ ਰਿਹਾ ਸੀ ਪਰ ਸੁਰੱਖਿਆ ਪ੍ਰਬੰਧਾਂ ਦੀ ਘਾਟ ਕਾਰਨ ਉਸ ਨੂੰ ਸਮੇਂ ਸਿਰ ਬਾਹਰ ਨਹੀਂ ਕੱਢਿਆ ਜਾ ਸਕਿਆ।