ਸੁਪਰੀਮ ਕੋਰਟ ਨੇ ਹਵਾਈ ਕਿਰਾਇਆਂ ’ਚ ਵਾਧੇ ’ਤੇ ਕੇਂਦਰ ਤੇ ਡੀਜੀਸੀਏ ਤੋਂ ਜਵਾਬ ਮੰਗਿਆ
ਸੁਪਰੀਮ ਕੋਰਟ ਨੇ ਤਿਉਹਾਰਾਂ ਦੌਰਾਨ ਹਵਾਈ ਕਿਰਾਇਆਂ ਵਿੱਚ ਬੇਤਹਾਸ਼ਾ ਵਾਧੇ ’ਤੇ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਤੇ ਹਵਾਬਾਜ਼ੀ ਨਿਗਰਾਨ ਤੋਂ ਜਵਾਬ ਮੰਗਿਆ ਹੈ। ਜਸਟਿਸ ਵਿਕਰਮ ਨਾਥ ਅਤੇ ਸੰਦੀਪ ਮਹਿਤਾ ਦੇ ਬੈਂਚ ਨੇ ਏਅਰਲਾਈਨਾਂ ਵਲੋਂ ਹਵਾਈ ਕਿਰਾਏ ਵਿੱਚ ਬੇਤਹਾਸ਼ਾ ਵਾਧੇ ਨੂੰ ਸ਼ੋਸ਼ਣ ਕਰਾਰ ਦਿੰਦਿਆਂ ਕੇਂਦਰ ਅਤੇ ਸਿਵਲ ਏਵੀਏਸ਼ਨ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੂੰ ਇੱਕ ਜਨਹਿੱਤ ਪਟੀਸ਼ਨ ’ਤੇ ਆਪਣੇ ਜਵਾਬ ਦਾਇਰ ਕਰਨ ਲਈ ਕਿਹਾ ਹੈ। ਇਸ ਪਟੀਸ਼ਨ ਰਾਹੀਂ ਭਾਰਤ ਵਿੱਚ ਨਿੱਜੀ ਏਅਰਲਾਈਨਾਂ ਦੇ ਹਵਾਈ ਕਿਰਾਏ ਅਤੇ ਸਹਾਇਕ ਖਰਚਿਆਂ ਵਿੱਚ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰਨ ਲਈ ਨਿਯਮਤ ਦਿਸ਼ਾ-ਨਿਰਦੇਸ਼ਾਂ ਦੇਣ ਦੀ ਮੰਗ ਕੀਤੀ ਗਈ ਹੈ।
ਬੈਂਚ ਨੇ ਕਿਹਾ ਕਿ ਅਦਾਲਤ ਇਸ ਮਾਮਲੇ ਵਿੱਚ ਜ਼ਰੂਰ ਦਖਲ ਦੇਵੇਗੀ। ਬੈਂਚ ਨੇ ‘ਕੁੰਭ ਮੇਲੇ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਪ੍ਰਯਾਗਰਾਜ ਅਤੇ ਜੋਧਪੁਰ ਦੀਆਂ ਉਡਾਣਾਂ ਦੇ ਕਿਰਾਏ ਅਸਮਾਨੀ ਚੜ੍ਹੇ ਹੋਏ ਹਨ। ਜਸਟਿਸ ਮਹਿਤਾ ਨੇ ਮਜ਼ਾਹੀਆ ਲਹਿਜ਼ੇ ਵਿੱਚ ਅਦਾਲਤ ਵਿੱਚ ਮੌਜੂਦ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਕਿ ਹੋ ਸਕਦਾ ਹੈ ਅਹਿਮਦਾਬਾਦ ਦੇ ਕਿਰਾਏ ਨਾ ਵਧੇ ਹੋਣ, ਪਰ ਜੋਧਪੁਰ ਸਮੇਤ ਹੋਰ ਥਾਵਾਂ ਦੇ ਹਾਲਾਤ ਹੋਰ ਹਨ। ਵਧੀਕ ਸੌਲੀਸਿਟਰ ਜਨਰਲ ਅਨਿਲ ਕੌਸ਼ਿਕ ਨੇ ਜਵਾਬ ਦੇਣ ਲਈ ਸਮਾਂ ਮੰਗਿਆ, ਜਿਸ ’ਤੇ ਅਦਾਲਤ ਨੇ ਸੁਣਵਾਈ 23 ਫਰਵਰੀ ’ਤੇ ਪਾ ਦਿੱਤੀ।