latest news Punjab

‘ਆਪ’ ਦੇ ਮੌਜੂਦਾ ਸਰਪੰਚ ਦਾ ਕਤਲ; ਦਿਨ ਦਿਹਾੜੇ ਵਿਆਹ ਸਮਾਗਮ ਵਿੱਚ ਚੱਲੀਆਂ ਗੋਲੀਆਂ

‘ਆਪ’ ਦੇ ਮੌਜੂਦਾ ਸਰਪੰਚ ਦਾ ਕਤਲ; ਦਿਨ ਦਿਹਾੜੇ ਵਿਆਹ ਸਮਾਗਮ ਵਿੱਚ ਚੱਲੀਆਂ ਗੋਲੀਆਂ
  • PublishedJanuary 4, 2026

ਅੱਜ ਇਥੇ ਇੱਕ ਵਿਆਹ ਸਮਾਗਮ ਦੌਰਾਨ ਉਸ ਵੇਲੇ ਖਲਲ ਪੈ ਗਿਆ, ਜਦੋਂ ਦੋ ਹਮਲਾਵਰਾਂ ਨੇ ਇੱਕ ਵਿਅਕਤੀ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਇਸ ਵਿਅਕਤੀ ਦੀ ਸ਼ਨਾਖਤ ਵਲਟੋਹਾ ਇਲਾਕੇ ਦੇ ਸਰਪੰਚ ਜਰਮਲ ਸਿੰਘ ਵੱਜੋਂ ਹੋਈ ਹੈ।

ਜਰਮਲ ਸਿੰਘ ਆਮ ਆਦਮੀ ਪਾਰਟੀ ਦੇ ਮੌਜੂਦਾ ਸਰਪੰਚ ਸਨ। ਉਹ ਇੱਥੇ ਇੱਕ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪੁੱਜੇ ਸਨ। ਵਿਆਹ ਸਮਾਗਮ ਵਿੱਚ ਉਥੋਂ ਦੇ ਵਿਧਾਇਕ ਸਰਵਣ ਸਿੰਘ ਧੁੰਨ ਵੀ ਸ਼ਾਮਿਲ ਸਨ।

ਮੌਕੇ ਤੇ ਹਾਜ਼ਰ ਲੋਕਾਂ ਨੇ ਦੱਸਿਆ ਕਿ ਜਰਮਲ ਸਿੰਘ ਵਿਆਹ ਸਮਾਗਮ ਦੌਰਾਨ ਇੱਕ ਟੇਬਲ ਤੇ ਬੈਠੇ ਹੋਏ ਸਨ ਅਤੇ ਖਾ- ਪੀ ਰਹੇ ਸਨ। ਇਸ ਦੌਰਾਨ ਦੋ ਹਮਲਾਵਰ ਆਏ, ਜਿਨਾਂ ਨੇ ਉਹਨਾਂ ਤੇ ਗੋਲੀ ਚਲਾਈ ਅਤੇ ਫ਼ਰਾਰ ਹੋ ਗਏ।

ਇਹ ਗੋਲੀਆਂ ਉਨ੍ਹਾਂ ਦੇ ਸਿਰ ਵਿੱਚ ਲੱਗੀਆਂ ਅਤੇ ਉਨਾਂ ਨੂੰ ਤੁਰੰਤ ਨੇੜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲੀਸ ਵੱਲੋਂ ਮੌਕੇ ’ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਜਾਂਚ ਜਾਰੀ ਹੈ।

ਮਿਲੇ ਵੇਰਵਿਆਂ ਦੇ ਮੁਤਾਬਿਕ ਸਰਪੰਚ ਨੂੰ ਕੁਝ ਗੈਂਗਸਟਰਾਂ ਵੱਲੋਂ ਕਥਿਤ ਤੌਰ ’ਤੇ ਧਮਕੀਆਂ ਮਿਲ ਰਹੀਆਂ ਸਨ, ਜਿਸ ਬਾਰੇ ਉਹਨਾਂ ਵੱਲੋਂ ਪੁਲੀਸ ਨੂੰ ਵੀ ਸੂਚਿਤ ਕੀਤਾ ਗਿਆ ਸੀ।

ਪੁਲੀਸ ਵੱਲੋਂ ਪੈਲੇਸ ਅਤੇ ਆਲੇ-ਦੁਆਲੇ ਦੇ ਸੀਸੀਟੀਵੀ (CCTV) ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ, ਪਰ ਪੁਲੀਸ ਪੁਰਾਣੀ ਦੁਸ਼ਮਣੀ ਸਮੇਤ ਸਾਰੇ ਪਹਿਲੂਆਂ ਤੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।