India latest news

ਕਰਨਲ ਬਾਠ ਕੁੱਟਮਾਰ ਮਾਮਲਾ: ਸੀ ਬੀ ਆਈ ਵੱਲੋਂ ਚਾਰਜਸ਼ੀਟ ਦਾਖ਼ਲ

ਕਰਨਲ ਬਾਠ ਕੁੱਟਮਾਰ ਮਾਮਲਾ: ਸੀ ਬੀ ਆਈ ਵੱਲੋਂ ਚਾਰਜਸ਼ੀਟ ਦਾਖ਼ਲ
  • PublishedDecember 26, 2025

ਸੀ ਬੀ ਆਈ ਨੇ ਪਟਿਆਲਾ ਦੇ ਬਹੁ-ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਦੀ ਕੁੱਟਮਾਰ ਦੇ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ। ਇਹ ਸੀ ਬੀ ਆਈ ਦੇ ਵਿਸ਼ੇਸ਼ ਜੁਡੀਸ਼ਲ ਮੈਜਿਸਟਰੇਟ ਕਰਨਵੀਰ ਸਿੰਘ ਦੀ ਅਦਾਲਤ ਵਿਚ ਜਮ੍ਹਾਂ ਕਰਾਈ ਗਈ ਹੈ। ਦੋ ਜਨਵਰੀ ਤੱਕ ਛੁੱਟੀਆਂ ਹੋਣ ਕਾਰਨ ਅਦਾਲਤ ਖੁੱਲ੍ਹਣ ਮਗਰੋਂ ਹੀ ਚਾਰਜਸ਼ੀਟ ਰਿਕਾਰਡ ਉੱਤੇ ਆਵੇਗੀ ਅਤੇ ਉਦੋਂ ਹੀ ਇਸ ਵਿਚ ਦਰਜ ਇੰਦਰਾਜਾਂ ਬਾਰੇ ਪੀੜਤ ਪਰਿਵਾਰ ਤੇ ਬਚਾਅ ਪੱਖ ਨੂੰ ਜਾਣਕਾਰੀ ਮਿਲੇਗੀ। ਜਾਣਕਾਰੀ ਅਨੁਸਾਰ ਪੰਜਾਬ ਪੁਲੀਸ ਦੇ ਚਾਰ ਮੁਲਾਜ਼ਮਾਂ ਖ਼ਿਲਾਫ਼ ਹੀ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਇਸ ਵਿਚ ਇੰਸਪੈਕਟਰ ਰੌਨੀ ਸਿੰਘ ਉੱਤੇ ਜ਼ਿਆਦਾ ਇਲਜ਼ਾਮ ਦਰਸਾਏ ਗਏ ਹਨ। ਪਤਾ ਲੱਗਾ ਹੈ ਕਿ ਚਾਰਜਸ਼ੀਟ ਵਿਚ ਇਰਾਦਾ ਕਤਲ ਦੀ ਧਾਰਾ ਦਾ ਕੋਈ ਜ਼ਿਕਰ ਨਹੀਂ ਹੈ। ਇਸ ਮਾਮਲੇ ਵਿਚ ਹੈਰੀ ਬੋਪਾਰਾਏ, ਹਰਜਿੰਦਰ ਢਿੱਲੋਂ, ਰੌਨੀ ਸਿੰਘ ਸਮੇਤ ਚਾਰ ਇੰਸਪੈਕਟਰਾਂ ਉੱਤੇ ਪਰਚਾ ਦਰਜ ਕੀਤਾ ਗਿਆ ਸੀ।

ਘਟਨਾ 13 ਤੇ 14 ਮਾਰਚ ਦੀ ਰਾਤ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਨੇੜੇ ਢਾਬੇ ਉੱਤੇ ਵਾਪਰੀ ਸੀ, ਜਿੱਥੇ ਗੱਡੀ ਪਾਰਕ ਕਰਨ ਨੂੰ ਲੈ ਕੇ ਹੋਈ ਤਕਰਾਰ ਮਗਰੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਤੇ ਉਨ੍ਹਾਂ ਦੇ ਪੁੱਤਰ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਦੇ ਦੋਸ਼ ਲੱਗੇ ਸਨ। ਕਰਨਲ ਬਾਠ ਦਾ ਪਰਿਵਾਰ ਇਹ ਮਾਮਲਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਲੈ ਗਿਆ। ਅਦਾਲਤ ਨੇ ਪਹਿਲਾਂ ਇਸ ਦੀ ਜਾਂਚ ਚੰਡੀਗੜ੍ਹ ਪੁਲੀਸ ਅਤੇ ਫਿਰ ਸੀ ਬੀ ਆਈ ਨੂੰ ਸੌਂਪੀ ਸੀ। ਉਧਰ, ਕਰਨਲ ਬਾਠ ਦੇ ਨਜ਼ਦੀਕੀ ਰਿਸ਼ਤੇਦਾਰ ਅਤੇ ਇਸ ਮਾਮਲੇ ਨੂੰ ਲਗਾਤਾਰ ਉਭਾਰ ਰਹੇ ਭਾਜਪਾ ਆਗੂ ਗੁਰਤੇਜ ਸਿੰਘ ਢਿੱਲੋਂ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਉਹ ਅਦਾਲਤਾਂ ਖੁੱਲ੍ਹਣ ਮਗਰੋਂ ਹੀ ਚਾਰਜਸ਼ੀਟ ਦੀ ਕਾਪੀ ਹਾਸਲ ਕਰਨਗੇ। ਉਨ੍ਹਾਂ ਸੀ ਬੀ ਆਈ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਪਰਿਵਾਰ ਨੂੰ ਇਨਸਾਫ਼ ਜ਼ਰੂਰ ਮਿਲੇਗਾ।