ਇਸਰੋ ਦੇ ਸਭ ਤੋਂ ਭਾਰੀ ਰਾਕੇਟ LVM3-M6 ‘ਤੇ ਬਲੂ ਬਰਡ-2 ਨੂੰ ਸਫਲਤਾਪੂਰਵਕ ਲਾਂਚ ਕੀਤਾ
ਭਾਰਤੀ ਪੁਲਾੜ ਖੋਜ ਸੰਸਥਾ (ISRO) ਨੇ ਅੱਜ ਇੱਕ ਇਤਿਹਾਸਕ ਉਪਲਬਧੀ ਹਾਸਲ ਕਰਦੇ ਹੋਏ ਆਪਣੇ ਸਭ ਤੋਂ ਭਾਰੀ ਰਾਕੇਟ, LVM3-M6 ਰਾਹੀਂ ਅਮਰੀਕੀ ਕੰਪਨੀ AST ਸਪੇਸਮੋਬਾਈਲ ਦੇ ‘ਬਲੂਬਰਡ ਬਲਾਕ-2’ (Bluebird Block-2) ਸੰਚਾਰ ਉਪਗ੍ਰਹਿ ਨੂੰ ਸਫਲਤਾਪੂਰਵਕ ਲੋਅ ਅਰਥ ਆਰਬਿਟ (LEO) ਵਿੱਚ ਸਥਾਪਿਤ ਕਰ ਦਿੱਤਾ ਹੈ।
ਸ੍ਰੀਹਰੀਕੋਟਾ ਦੇ ਦੂਜੇ ਲਾਂਚ ਪੈਡ ਤੋਂ ਸਵੇਰੇ 8:54 ਵਜੇ ਉਡਾਣ ਭਰਨ ਵਾਲੇ 43.5 ਮੀਟਰ ਉੱਚੇ ਇਸ ਰਾਕੇਟ ਨੇ ਲਗਪਗ 15 ਮਿੰਟਾਂ ਦੀ ਯਾਤਰਾ ਤੋਂ ਬਾਅਦ 6,100 ਕਿਲੋਗ੍ਰਾਮ ਵਜ਼ਨੀ ਉਪਗ੍ਰਹਿ ਨੂੰ ਨਿਰਧਾਰਤ ਪੰਧ ਵਿੱਚ ਪਹੁੰਚਾਇਆ, ਜੋ ਕਿ ਭਾਰਤੀ ਧਰਤੀ ਤੋਂ LVM3 ਰਾਹੀਂ ਲਾਂਚ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਭਾਰੀ ਪੇਲੋਡ ਹੈ।
ਨਿਊਸਪੇਸ ਇੰਡੀਆ ਲਿਮਟਿਡ (NSIL) ਦੇ ਵਪਾਰਕ ਸੌਦੇ ਤਹਿਤ ਭੇਜਿਆ ਗਿਆ ਇਹ ਉਪਗ੍ਰਹਿ ਸਿੱਧਾ ਸਮਾਰਟਫ਼ੋਨਾਂ ‘ਤੇ ਹਾਈ-ਸਪੀਡ ਸੈਲੂਲਰ ਬ੍ਰੌਡਬੈਂਡ ਸੇਵਾਵਾਂ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਵਿੱਚ 4G ਅਤੇ 5G ਵੌਇਸ, ਵੀਡੀਓ ਕਾਲਾਂ ਅਤੇ ਡੇਟਾ ਦੀ ਸਹੂਲਤ ਮਿਲੇਗੀ। ਇਸ ਸਫਲ ਲਾਂਚਿੰਗ ਦੇ ਨਾਲ ਹੀ LVM3 ਰਾਕਟ ਨੇ ਚੰਦਰਯਾਨ-2 ਅਤੇ ਚੰਦਰਯਾਨ-3 ਸਮੇਤ ਲਗਾਤਾਰ ਅੱਠ ਸਫਲ ਮਿਸ਼ਨਾਂ ਦਾ ਆਪਣਾ ਸ਼ਾਨਦਾਰ ਰਿਕਾਰਡ ਬਰਕਰਾਰ ਰੱਖਿਆ ਹੈ।