ਨਿਆਂ ਵਿਭਾਗ (DOJ) ਦੀ ਜਨਤਕ ਵੈੱਬਸਾਈਟ ਤੋਂ ਜੈਫਰੀ ਐਪਸਟੀਨ ਨਾਲ ਸਬੰਧਤ ਘੱਟੋ-ਘੱਟ 16 ਫਾਈਲਾਂ ਪੋਸਟ ਕੀਤੇ ਜਾਣ ਦੇ ਇੱਕ ਦਿਨ ਤੋਂ ਵੀ ਘੱਟ ਸਮੇਂ ਵਿੱਚ ਗਾਇਬ ਹੋ ਗਈਆਂ ਹਨ। ਇਨ੍ਹਾਂ ਫਾਈਲਾਂ ਵਿੱਚ ਰਾਸ਼ਟਰਪਤੀ ਡੋਨਲਡ ਟਰੰਪ ਦੀ ਇੱਕ ਤਸਵੀਰ ਵੀ ਸ਼ਾਮਲ ਸੀ। ਸਰਕਾਰ ਵੱਲੋਂ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਅਤੇ ਨਾ ਹੀ ਜਨਤਾ ਨੂੰ ਕੋਈ ਸੂਚਨਾ ਦਿੱਤੀ ਗਈ ਹੈ।
ਗਾਇਬ ਹੋਈਆਂ ਫਾਈਲਾਂ, ਜੋ ਸ਼ੁੱਕਰਵਾਰ ਨੂੰ ਉਪਲਬਧ ਸਨ ਪਰ ਸ਼ਨਿਚਰਵਾਰ ਤੱਕ ਪਹੁੰਚ ਤੋਂ ਬਾਹਰ ਹੋ ਗਈਆਂ, ਵਿੱਚ ਨਗਨ ਔਰਤਾਂ ਦੀਆਂ ਪੇਂਟਿੰਗਾਂ ਅਤੇ ਦਰਾਜ਼ਾਂ ਵਿੱਚ ਪਈਆਂ ਤਸਵੀਰਾਂ ਦੀ ਇੱਕ ਲੜੀ ਸ਼ਾਮਲ ਸੀ। ਇੱਕ ਤਸਵੀਰ ਵਿੱਚ, ਹੋਰ ਫੋਟੋਆਂ ਦੇ ਵਿਚਕਾਰ ਡੋਨਾਲਡ ਟਰੰਪ ਦੀ ਇੱਕ ਫੋਟੋ ਸੀ, ਜਿਸ ਵਿੱਚ ਉਹ ਐਪਸਟੀਨ, ਮੇਲਾਨੀਆ ਟਰੰਪ ਅਤੇ ਐਪਸਟੀਨ ਦੀ ਲੰਬੇ ਸਮੇਂ ਦੀ ਸਹਿਯੋਗੀ ਗਿਸਲੇਨ ਮੈਕਸਵੈੱਲ ਦੇ ਨਾਲ ਦਿਖਾਈ ਦੇ ਰਹੇ ਸਨ। ਨਿਆਂ ਵਿਭਾਗ ਨੇ ਇਹ ਨਹੀਂ ਦੱਸਿਆ ਕਿ ਇਹ ਫਾਈਲਾਂ ਕਿਉਂ ਹਟਾਈਆਂ ਗਈਆਂ।
ਇਸ ਘਟਨਾ ਨੇ ਐਪਸਟੀਨ ਅਤੇ ਉਸ ਦੇ ਆਲੇ-ਦੁਆਲੇ ਦੇ ਸ਼ਕਤੀਸ਼ਾਲੀ ਲੋਕਾਂ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਹਾਊਸ ਓਵਰਸਾਈਟ ਕਮੇਟੀ ਦੇ ਡੈਮੋਕਰੇਟਸ ਨੇ ਟਰੰਪ ਵਾਲੀ ਤਸਵੀਰ ਗਾਇਬ ਹੋਣ ‘ਤੇ ਸਵਾਲ ਚੁੱਕਦਿਆਂ ‘X’ ‘ਤੇ ਲਿਖਿਆ: “ਹੋਰ ਕੀ ਛੁਪਾਇਆ ਜਾ ਰਿਹਾ ਹੈ? ਸਾਨੂੰ ਅਮਰੀਕੀ ਜਨਤਾ ਲਈ ਪਾਰਦਰਸ਼ਤਾ ਦੀ ਲੋੜ ਹੈ।”
ਜਾਰੀ ਕੀਤੇ ਗਏ ਹਜ਼ਾਰਾਂ ਪੰਨਿਆਂ ਵਿੱਚੋਂ ਕਈ ਅਹਿਮ ਦਸਤਾਵੇਜ਼ ਗਾਇਬ ਹਨ, ਜਿਵੇਂ ਕਿ ਪੀੜਤਾਂ ਦੇ FBI ਇੰਟਰਵਿਊ ਅਤੇ ਨਿਆਂ ਵਿਭਾਗ ਦੇ ਅੰਦਰੂਨੀ ਮੈਮੋ। ਇਹ ਉਹ ਰਿਕਾਰਡ ਹਨ ਜੋ ਇਹ ਦੱਸ ਸਕਦੇ ਸਨ ਕਿ ਜਾਂਚਕਰਤਾਵਾਂ ਨੇ ਇਸ ਕੇਸ ਨੂੰ ਕਿਵੇਂ ਦੇਖਿਆ ਅਤੇ ਕਿਉਂ ਐਪਸਟੀਨ ਨੂੰ 2008 ਵਿੱਚ ਇੱਕ ਮਾਮੂਲੀ ਸਟੇਟ-ਲੈਵਲ ਪ੍ਰੋਸਟੀਟਿਊਸ਼ਨ ਚਾਰਜ ‘ਤੇ ਬਚਣ ਦਿੱਤਾ ਗਿਆ।
ਸ਼ਕਤੀਸ਼ਾਲੀ ਹਸਤੀਆਂ ਦਾ ਘੱਟ ਜ਼ਿਕਰ
ਜਾਰੀ ਕੀਤੇ ਗਏ ਰਿਕਾਰਡਾਂ ਵਿੱਚ ਬ੍ਰਿਟੇਨ ਦੇ ਸਾਬਕਾ ਪ੍ਰਿੰਸ ਐਂਡਰਿਊ ਵਰਗੀਆਂ ਸ਼ਕਤੀਸ਼ਾਲੀ ਹਸਤੀਆਂ ਦਾ ਬਹੁਤ ਘੱਟ ਜ਼ਿਕਰ ਹੈ। ਫਾਈਲਾਂ ਵਿੱਚ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀਆਂ ਕਈ ਤਸਵੀਰਾਂ ਹਨ, ਪਰ ਟਰੰਪ ਦੀਆਂ ਬਹੁਤ ਘੱਟ। ਹਾਲਾਂਕਿ, ਦੋਵਾਂ ਨੇ ਹੀ ਐਪਸਟੀਨ ਨਾਲ ਦੋਸਤੀ ਤੋਂ ਇਨਕਾਰ ਕੀਤਾ ਹੈ ਅਤੇ ਕਿਸੇ ‘ਤੇ ਵੀ ਕੋਈ ਦੋਸ਼ ਨਹੀਂ ਹੈ। ਵਿਭਾਗ ਨੇ ਸਾਰੇ ਦਸਤਾਵੇਜ਼ ਜਨਤਕ ਕਰਨ ਦੀ ਡੈੱਡਲਾਈਨ ਖੁੰਝਾ ਦਿੱਤੀ ਹੈ ਅਤੇ ਕਿਹਾ ਹੈ ਕਿ ਪੀੜਤਾਂ ਦੀ ਨਿੱਜੀ ਜਾਣਕਾਰੀ ਨੂੰ ਲੁਕਾਉਣ (redaction) ਵਿੱਚ ਸਮਾਂ ਲੱਗ ਰਿਹਾ ਹੈ।
ਗੰਭੀਰ ਦੋਸ਼
ਦਸਤਾਵੇਜ਼ਾਂ ਵਿੱਚ 14 ਸਾਲ ਦੀਆਂ ਕੁੜੀਆਂ ਦੇ ਜਿਨਸੀ ਸ਼ੋਸ਼ਣ ਅਤੇ ਉਨ੍ਹਾਂ ਨੂੰ ਹੋਰ ਕੁੜੀਆਂ ਲਿਆਉਣ ਲਈ ਪੈਸੇ ਦੇਣ ਦੇ ਹੈਰਾਨ ਕਰਨ ਵਾਲੇ ਖੁਲਾਸੇ ਸ਼ਾਮਲ ਹਨ।
ਜਾਂਚ ਦਾ ਪਿਛੋਕੜ
ਫੈਡਰਲ ਪ੍ਰੌਸੀਕਿਊਟਰਾਂ ਨੇ 2019 ਵਿੱਚ ਐਪਸਟੀਨ ’ਤੇ ਸੈਕਸ ਟ੍ਰੈਫਿਕਿੰਗ ਦੇ ਦੋਸ਼ ਲਗਾਏ ਸਨ, ਪਰ ਉਸ ਨੇ ਗ੍ਰਿਫ਼ਤਾਰੀ ਤੋਂ ਬਾਅਦ ਜੇਲ੍ਹ ਵਿੱਚ ਖੁਦਕੁਸ਼ੀ ਕਰ ਲਈ ਸੀ। ਡਿਪਟੀ ਅਟਾਰਨੀ ਜਨਰਲ ਟੌਡ ਬਲੈਂਚ ਅਨੁਸਾਰ, ਵਿਭਾਗ ਕੋਲ ਲਗਭਗ 36 ਲੱਖ ਰਿਕਾਰਡ ਹਨ, ਪਰ ਹੁਣ ਤੱਕ ਸਿਰਫ਼ ਇੱਕ ਮਾਮੂਲੀ ਹਿੱਸਾ ਹੀ ਜਨਤਕ ਕੀਤਾ ਗਿਆ ਹੈ।
Post Views: 39