ਪੰਜਾਬ ਸਰਕਾਰ ਨੇ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਿਆ
ਕੇਂਦਰ ਸਰਕਾਰ ਵੱਲੋਂ ਮਗਨਰੇਗਾ ਦਾ ਨਾਂ ਬਦਲੇ ਜਾਣ ਅਤੇ ਯੋਜਨਾ ਦੇ ਬੁਨਿਆਦੀ ਢਾਂਚੇ ’ਚ ਤਬਦੀਲੀ ਕੀਤੇ ਜਾਣ ਤੋਂ ਖ਼ਫ਼ਾ ‘ਆਪ’ ਸਰਕਾਰ ਨੇ 30 ਦਸੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਲਿਆ ਹੈ। ਇਹ ਫੈਸਲਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਲਿਆ ਗਿਆ ਹੈ। ਮਗਨਰੇਗਾ ਦੇ ਬੁਨਿਆਦੀ ਢਾਂਚੇ ਵਿੱਚ ਤਬਦੀਲੀ ਵਿਰੁੱਧ ਇਕ ਦਿਨ ਚੱਲਣ ਵਾਲਾ ਇਹ ਸੈਸ਼ਲ 30 ਦਸੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਕੇਂਦਰ ਸਰਕਾਰ ਵੱਲੋਂ ਮਗਨਰੇਗਾ ਵਿੱਚ ਕੀਤੀਆਂ ਸੋਧਾਂ ਅਤੇ ਇਸ ਦਾ ਗਰੀਬ ਤੇ ਮਜ਼ਦੂਰ ਵਰਗ ’ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਵਿਚਾਰ-ਚਰਚਾ ਕੀਤੀ ਜਾਵੇਗੀ।
ਇਸ ਤੋਂ ਇਲਾਵਾ ਮੰਤਰੀ ਮੰਡਲ ਨੇ ਲਾਲ ਲਕੀਰ ਵਿੱਚ ਸਥਿਤ ਘਰਾਂ ਦਾ ਮਾਲਕਾਨਾਂ ਹੱਕ ਦੇਣ ਲਈ ਇਤਰਾਜ ਦਰਜ ਕਰਨ ਦਾ ਸਮਾਂ 90 ਦਿਨਾਂ ਤੋਂ ਘਟਾ ਕੇ 30 ਦਿਨ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਥਰਮਲ ਬਠਿੰਡਾ ਦੀ 30 ਏਕੜ ਜ਼ਮੀਨ ’ਤੇ ਬਣਾਏ ਜਾਣ ਵਾਲੇ ਬੱਸ ਅੱਡੇ ਨੂੰ ਹੁਣ 10 ਏਕੜ ਵਿੱਚ ਬਣਾਉਣ ਦਾ ਫੈਸਲਾ ਕੀਤਾ ਹੈ, ਜਦੋਂ ਕਿ ਬਾਕੀ 20 ਏਕੜ ਜ਼ਮੀਨ ਸ਼ਹਿਰੀ ਵਿਕਾਸ ਅਥਾਰਟੀ ਨੂੰ ਦਿੱਤੀ ਜਾਵੇਗੀ।