latest news Punjab

ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ, ਵਕੀਲ ਨੇ ਕੀਤੀ ਪੱਕੀ ਛੂਟ ਦੀ ਮੰਗ

ਕੰਗਨਾ ਰਣੌਤ ਖ਼ਿਲਾਫ਼ ਚਾਰਜ ਫਰੇਮ, ਵਕੀਲ ਨੇ ਕੀਤੀ ਪੱਕੀ ਛੂਟ ਦੀ ਮੰਗ
  • PublishedNovember 24, 2025

ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ BJP ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਅੱਜ ਯਾਨੀ ਸੋਮਵਾਰ ਨੂੰ ਬਠਿੰਡਾ ਅਦਾਲਤ ‘ਚ ਮਾਨਹਾਨੀ ਮਾਮਲੇ ‘ਚ ਪੇਸ਼ੀ ਸੀ, ਪਰ ਉਹ ਅਦਾਲਤ ‘ਚ ਹਾਜ਼ਰ ਨਹੀਂ ਹੋਈ। ਕੰਗਨਾ ਦੇ ਵਕੀਲ ਨੇ ਸੁਰੱਖਿਆ ਕਾਰਣਾਂ ਦਾ ਹਵਾਲਾ ਦਿੰਦਿਆਂ ਅਦਾਲਤ ਤੋਂ ਪੇਸ਼ੀ ਤੋਂ ਛੂਟ ਦੀ ਮੰਗ ਕੀਤੀ।

ਮਾਮਲੇ ਦੀ ਸੁਣਵਾਈ ਦੌਰਾਨ ਬਜ਼ੁਰਗ ਮਹਿੰਦਰ ਕੌਰ ਦੇ ਵਕੀਲ ਨੇ ਕੰਗਨਾ ਦੀ ਗੈਰ-ਹਾਜ਼ਰੀ ਦਾ ਵਿਰੋਧ ਕੀਤਾ ਅਤੇ ਅਦਾਲਤ ਅੱਗੇ ਆਪਣਾ ਪੱਖ ਰੱਖਿਆ। ਅਦਾਲਤ ਨੇ ਦੋਵਾਂ ਧਿਰਾਂ ਦੀ ਦਲੀਲ ਸੁਣਨ ਤੋਂ ਬਾਅਦ ਕੰਗਨਾ ਰਣੌਤ ਦੇ ਖਿਲਾਫ ਚਾਰਜ ਫਰੇਮ ਕਰ ਦਿੱਤੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 2 ਦਸੰਬਰ ਨੂੰ ਹੋਵੇਗੀ। ਇਹ ਮਾਮਲਾ 2020–21 ਦੇ ਕਿਸਾਨ ਅੰਦੋਲਨ ਨਾਲ ਜੁੜਿਆ ਹੈ। ਕੰਗਨਾ ਰਣੌਤ ਨੇ ਉਸ ਸਮੇਂ ਇਕ ਰੀ-ਟਵੀਟ ਕਰਦੇ ਹੋਏ ਬਠਿੰਡਾ ਦੀ ਰਹਿਣ ਵਾਲੀ ਬਜ਼ੁਰਗ ਮਹਿੰਦਰ ਕੌਰ ਦਾ ਅਪਮਾਨ ਕੀਤਾ ਸੀ, ਜਿਸ ਨੂੰ ਲੈ ਕੇ ਬਜ਼ੁਰਗ ਮਹਿਲਾ ਨੇ ਮਾਨਹਾਣੀ ਦਾ ਕੇਸ ਦਰਜ ਕਰਵਾਇਆ ਸੀ।

ਇਸ ਤੋਂ ਪਹਿਲਾਂ 27 ਅਕਤੂਬਰ ਨੂੰ ਕੰਗਨਾ ਰਣੌਤ ਬਠਿੰਡਾ ਅਦਾਲਤ ‘ਚ ਪੇਸ਼ ਹੋਈ ਸੀ ਅਤੇ ਉਨ੍ਹਾਂ ਨੇ ਬਜ਼ੁਰਗ ਮਹਿਲਾ ਤੋਂ ਮਾਫ਼ੀ ਵੀ ਮੰਗੀ ਸੀ। ਕੰਗਨਾ ਨੇ ਕਿਹਾ ਸੀ ਕਿ ਉਹ ਕਿਸੇ ਵੀ ਮਾਂ ਬਾਰੇ ਇਸ ਤਰ੍ਹਾਂ ਸੋਚ ਨਹੀਂ ਸਕਦੀ। ਪਰ ਮਹਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਲਾਭ ਸਿੰਘ ਨੇ ਜ਼ਾਹਰ ਕੀਤਾ ਸੀ ਕਿ ਉਹ ਕੰਗਨਾ ਨੂੰ ਮਾਫ਼ ਨਹੀਂ ਕਰਨਗੇ ਅਤੇ ਅਖੀਰ ਤੱਕ ਕਾਨੂੰਨੀ ਲੜਾਈ ਜਾਰੀ ਰੱਖਣਗੇ।