ਪਾਕਿਸਤਾਨ ਤੇ ਅਫ਼ਗ਼ਾਨਿਸਤਾਨ ਵਿਚਾਲੇ ਇਸਤੰਬੁਲ ’ਚ ਜਾਰੀ ਸ਼ਾਂਤੀ ਵਾਰਤਾ ਨਾਕਾਮ
ਇਸਤੰਬੁਲ ਵਿੱਚ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ ਦਰਮਿਆਨ ਚੱਲ ਰਹੀ ਸ਼ਾਂਤੀ ਵਾਰਤਾ ਬਿਨਾਂ ਕਿਸੇ ਸਮਝੌਤੇ ਦੇ ਖਤਮ ਹੋ ਗਈ ਹੈ। ਅਧਿਕਾਰੀਆਂ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਦੋਵੇਂ ਧਿਰਾਂ ਸਰਹੱਦੀ ਤਣਾਅ ਘੱਟ ਕਰਨ ਅਤੇ ਨਾਜ਼ੁਕ ਜੰਗਬੰਦੀ ਬਰਕਰਾਰ ਰੱਖਣ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗੱਲਬਾਤ ਟੁੱਟਣ ਲਈ ਇੱਕ ਦੂਜੇ ਨੂੰ ਦੋਸ਼ੀ ਠਹਿਰਾ ਰਹੀਆਂ ਹਨ। ਦੋਵਾਂ ਮੁਲਕਾਂ ਦਰਮਿਆਨ ਹਾਲੀਆ ਹਫ਼ਤਿਆਂ ਵਿੱਚ ਘਾਤਕ ਸਰਹੱਦੀ ਜੰਗ ਤੋਂ ਬਾਅਦ ਤਣਾਅ ਵਧਿਆ ਹੈ।
ਇਸ ਟਕਰਾਅ ਦੌਰਾਨ ਦਰਜਨਾਂ ਫੌਜੀਆਂ ਅਤੇ ਆਮ ਨਾਗਰਿਕਾਂ ਦੀ ਮੌਤ ਹੋ ਗਈ ਸੀ। ਕਾਬੁਲ ਵਿਚ 9 ਅਕਤੂਬਰ ਨੂੰ ਹੋਏ ਧਮਾਕਿਆਂ ਤੋਂ ਬਾਅਦ ਹਿੰਸਾ ਭੜਕ ਗਈ। ਅਫ਼ਗ਼ਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਇਨ੍ਹਾਂ ਨੂੰ ਪਾਕਿਸਤਾਨ ਵੱਲੋਂ ਕੀਤੇ ਗਏ ਡਰੋਨ ਹਮਲੇ ਕਿਹਾ ਸੀ ਅਤੇ ਬਦਲਾ ਲੈਣ ਦੀ ਸਹੁੰ ਖਾਧੀ ਸੀ। ਕਤਰ ਵੱਲੋਂ 19 ਅਕਤੂਬਰ ਨੂੰ ਜੰਗਬੰਦੀ ਦੀ ਵਿਚੋਲਗੀ ਕਰਨ ਤੋਂ ਬਾਅਦ ਦੋਵਾਂ ਧਿਰਾਂ ਦਰਮਿਆਨ ਤਣਾਅ ਘਟਿਆ ਸੀ।
ਅਫ਼ਗ਼ਾਨਿਸਤਾਨ ਸਰਕਾਰ ਦੇ ਬੁਲਾਰੇ, ਜ਼ਬੀਉੱਲਾਹ ਮੁਜਾਹਿਦ ਨੇ ਗੱਲਬਾਤ ਟੁੱਟਣ ਲਈ ਪਾਕਿਸਤਾਨ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ‘‘ਸ਼ਾਂਤੀ ਵਾਰਤਾ ਦੌਰਾਨ ਪਾਕਿਸਤਾਨ ਦੀਆਂ ਮੰਗਾਂ ਗ਼ੈਰਵਾਜਬ ਸਨ ਅਤੇ ਗੱਲਬਾਤ ਅੱਗੇ ਨਹੀਂ ਵਧ ਸਕੀ, ਮੀਟਿੰਗ ਖਤਮ ਹੋ ਗਈ ਅਤੇ ਗੱਲਬਾਤ ਹੁਣ ਲਈ ਰੁਕੀ ਹੋਈ ਹੈ।’’ ਸ਼ਨਿੱਚਰਵਾਰ ਨੂੰ ਦੱਖਣੀ ਅਫਗਾਨ ਸ਼ਹਿਰ ਕੰਧਾਰ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੁਜਾਹਿਦ ਨੇ ਕਿਹਾ ਕਿ ਅਫਗਾਨਿਸਤਾਨ (ਖੇਤਰ ਵਿੱਚ) ਅਸੁਰੱਖਿਆ ਨਹੀਂ ਚਾਹੁੰਦਾ, ਅਤੇ ਜੰਗ ਵਿੱਚ ਸ਼ਾਮਲ ਹੋਣਾ ਸਾਡੀ ਪਹਿਲੀ ਪਸੰਦ ਨਹੀਂ ਹੈ।’’ ਮੁਜਾਹਿਦ ਨੇ ਕਿਹਾ ਕਿ ‘ਜੇਕਰ ਜੰਗ ਸ਼ੁਰੂ ਹੁੰਦੀ ਹੈ, ਤਾਂ ਸਾਨੂੰ ਆਪਣਾ ਬਚਾਅ ਕਰਨ ਦਾ ਅਧਿਕਾਰ ਹੈ।’