ਅਮਰੀਕਾ ਟਰੱਕ ਹਾਦਸਾ: ਜਸ਼ਨਪ੍ਰੀਤ ਪਰਿਵਾਰ ਨੇ ਡਰੱਗਜ਼ ਦੇ ਦੋਸ਼ਾਂ ਨੂੰ ਨਕਾਰਿਆ, SGPC ਤੋਂ ਮਦਦ ਦੀ ਅਪੀਲ
ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ (21) ਦੇ ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਪੁੱਤਰ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥਾਂ ਦਾ ਸੇਵਨ ਨਹੀਂ ਕਰਦਾ। ਇਸ ਦੇ ਨਾਲ ਹੀ ਪਰਿਵਾਰ ਨੇ ਆਪਣੇ ਪੁੱਤਰ ਨੂੰ ਕਾਨੂੰਨੀ ਸੰਕਟ ਵਿੱਚੋਂ ਕੱਢਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਦਖ਼ਲ ਦੇਣ ਦੀ ਅਪੀਲ ਕੀਤੀ ਹੈ।
ਜ਼ਿਕਰਯੋਗ ਹੈ ਕਿ ਇਹ ਦਰਦਨਾਕ ਹਾਦਸਾ ਓਂਟਾਰੀਓ, ਕੈਲੀਫੋਰਨੀਆ ਵਿੱਚ ਵਾਪਰਿਆ ਜਿੱਥੇ ਇੱਕ ਟਰੱਕ ਨੇ ਅੱਠ ਵਾਹਨਾਂ ਦੀ ਟੱਕਰ ਮਾਰ ਦਿੱਤੀ ਅਤੇ ਨਤੀਜੇ ਵਜੋਂ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖ਼ਮੀ ਹੋ ਗਏ।
ਪਰਿਵਾਰ ਦਾ ਦਾਅਵਾ: ਪੁੱਤਰ ਧਾਰਮਿਕ, ਨਸ਼ਿਆਂ ਤੋਂ ਦੂਰ
ਮੂਲ ਰੂਪ ਵਿੱਚ ਗੁਰਦਾਸਪੁਰ ਨੇੜੇ ਪੁਰਾਣਾਸ਼ਾਲਾ ਕਸਬੇ ਦੇ ਰਹਿਣ ਵਾਲੇ ਜਸ਼ਨਪ੍ਰੀਤ ਨੂੰ ਪੁਲੀਸ ਨੇ “ਗ੍ਰਾਸ ਵਹੀਕੂਲਰ ਮੈਨਸਲਾਟਰ, ਡਰਾਈਵਿੰਗ ਦੌਰਾਨ ਡਰੱਗਜ਼ ਦੀ ਵਰਤੋਂ ਕਰਨ ਅਤੇ ਸਰੀਰਕ ਸੱਟ ਪਹੁੰਚਾਉਣ” ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ।