ਟਰੈਵਲ ਏਜੰਟ ਦੀ ਠੱਗੀ ਦਾ ਸ਼ਿਕਾਰ ਅੱਠ ਪੰਜਾਬੀ ਨੌਜਵਾਨ ਕਜ਼ਾਖਸਤਾਨ ਵਿਚ ਫਸੇ
ਪੰਜਾਬ ਦੇ ਅੱਠ ਨੌਜਵਾਨ, ਜਿਨ੍ਹਾਂ ਵਿਚੋਂ ਬਹੁਗਿਣਤੀ ਰੂਪਨਗਰ ਜ਼ਿਲ੍ਹੇ ਨਾਲ ਸਬੰਧਤ ਹਨ, ਕਥਿਤ ਟਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਬਣ ਕੇ ਕਜ਼ਾਖਸਤਾਨ ਵਿਚ ਫਸੇ ਹੋਏ ਹਨ। ਸਥਾਨਕ ਟਰੈਵਲ ਏਜੰਟ ਨੇ ਇਨ੍ਹਾਂ ਨੌਜਵਾਨਾਂ ਨੂੰ ਕਜ਼ਾਖਸਤਾਨ ਪਹੁੰਚਣ ’ਤੇ ਚੰਗੀ ਕਮਾਈ ਵਾਲੀ ਡਰਾਈਵਰ ਦੀ ਨੌਕਰੀ ਦਿਵਾਉਣ ਦਾ ਲਾਰਾ ਲਾਇਆ ਸੀ। ਹਾਲਾਂਕਿ ਉਥੇ ਪਹੁੰਚਣ ’ਤੇ ਨੌਜਵਾਨਾਂ ਨੂੰ ਅਣਮਨੁੱਖੀ ਹਾਲਾਤ ਵਿੱਚ ਸਖ਼ਤ ਮਿਹਨਤ ਕਰਨ ਲਈ ਮਜਬੂਰ ਕੀਤਾ ਗਿਆ। ਉਨ੍ਹਾਂ ਨੇ ਕਜ਼ਾਖ਼ਸਤਾਨ ਦੇ ਬਰਫ਼ ਨਾਲ ਘਿਰੇ ਇਲਾਕਿਆਂ ਵਿੱਚ ਮਜ਼ਦੂਰਾਂ ਵਜੋਂ ਕੰਮ ਕਰਦੇ ਹੋਏ ਇੱਕ ਵੀਡੀਓ ਜਾਰੀ ਕੀਤਾ ਹੈ ਜੋ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਜ਼ਾਖਸਤਾਨ ਵਿਚ ਫਸੇ ਇਹ ਪੰਜਾਬੀ ਨੌਜਵਾਨ ਬਹੁਤ ਹੀ ਪ੍ਰੇਸ਼ਾਨੀ ਵਿੱਚ ਹਨ। ਇਕ ਤਾਂ ਕੜਾਕੇ ਦੀ ਠੰਢ ਤੇ ਉਪਰੋਂ ਭੁੱਖਮਰੀ ਤੇ ਮਾੜਾ ਸਲੂਕ ਕੀਤਾ ਜਾਂਦਾ ਹੈ। ਉਨ੍ਹਾਂ ਨੂੰ ਪਹਾੜੀ ਇਲਾਕਿਆਂ ਵਿੱਚ ਲੰਬੀ ਦੂਰੀ ਤੱਕ ਕਥਿਤ ਭਾਰੀ ਬੋਝ ਚੁੱਕਣ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਤੰਗ ਧਾਤ ਵਾਲੇ ਡੱਬਿਆਂ ਵਿੱਚ ਅਕਸਰ ਬਿਨਾਂ ਭੋਜਨ ਜਾਂ ਮੁੱਢਲੀ ਸੁਰੱਖਿਆ ਦੇ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ।