Punjab Rajya Sabha Election: ਗਲਤ ਦਸਤਖ਼ਤ ਮਾਮਲੇ ‘ਚ ਨਵਨੀਤ ਚਤੁਰਵੇਦੀ ਦੇ ਕਾਗਜ਼ ਰੱਦ
ਰਾਜ ਸਭਾ ਵਿਚ ਪੰਜਾਬ ਦੀ ਇਕ ਸੀਟ ਲਈ ਨਾਮਜ਼ਦਗੀ ਭਰਨ ਵਾਲੇ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਨਾਮਜ਼ਦਗੀ ਪੱਤਰ ਰੱਦ ਕਰ ਦਿੱਤੇ ਗਏ ਹਨ। ਚਤੁੁਰਵੇਦੀ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਹਾਈ ਕੋਰਟ ਵਿਚ ਚੁਣੌਤੀ ਦੇਣਗੇ। ਇਸ ਤੋਂ ਇਲਾਵਾ ਦੋ ਹੋਰ ਆਜ਼ਾਦ ਉਮੀਦਵਾਰਾਂ ਦੇ ਕਾਗਜ਼ ਵੀ ਰੱਦ ਹੋਏ ਹਨ। ਚਤੁਰਵੇਦੀ ਦੀ ਨਾਮਜ਼ਦਗੀ ਰੱਦ ਹੋਣ ਨਾਲ 24 ਅਕਤੂੁਬਰ ਨੂੰ ਹੋਣ ਵਾਲੀ ਚੋਣ ਲਈ ਹੁਣ ਮੈਦਾਨ ਵਿਚ ‘ਆਪ’ ਦੇ ਅਧਿਕਾਰਤ ਉਮੀਦਵਾਰ ਰਾਜਿੰਦਰ ਗੁਪਤਾ ਤੇ ਉਨ੍ਹਾਂ ਦੀ ਪਤਨੀ ਮਧੂ ਹੀ ਰਹਿ ਗਏ ਹਨ। ਮਧੂ ਵੱਲੋਂ ਭਲਕੇ ਨਾਮਜ਼ਦਗੀ ਵਾਪਸ ਲਏ ਜਾਣ ਦੀ ਉਮੀਦ ਹੈ। ਕਿਓਂਕਿ 16 ਅਕਤੂਬਰ ਨਾਮਜ਼ਦਗੀ ਪੱਤਰ ਵਾਪਿਸ ਲੈਣ ਦੀ ਆਖ਼ਰੀ ਤਰੀਕ ਹੈ ।
ਰਾਜ ਸਭਾ ਦੀ ਉਪ ਚੋਣ ਲਈ ਪੰਜਾਬ ਰਾਜ ਦੇ ਰਿਟਰਨਿੰਗ ਅਫ਼ਸਰ ਰਾਮ ਲੋਕ ਨੇ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਦੌਰਾਨ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦੇ ਕਾਗਜ਼ ਤਜਵੀਜ਼ ਕਰਨ ਵਾਲੇ ਵਿਧਾਇਕਾਂ ਦੇ ਦਸਤਖ਼ਤ ਗਲਤ ਹੋਣ ਕਾਰਨ ਰੱਦ ਕਰ ਦਿੱਤੇ ਹਨ । ਆਮ ਆਦਮੀ ਪਾਰਟੀ ਦੇ 10 ਵਿਧਾਇਕਾਂ ਨੇ ਰਿਟਰਨਿੰਗ ਅਫ਼ਸਰ ਨੂੰ ਲਿਖਤੀ ਸਟੇਟਮੈਂਟ ਦਿੱਤੀ ਕਿ ਉਨ੍ਹਾਂ ਵੱਲੋਂ ਆਜ਼ਾਦ ਉਮੀਦਵਾਰ ਨਵਨੀਤ ਚਤੁਰਵੇਦੀ ਦਾ ਨਾਮ ਤਜਵੀਜ਼ ਨਹੀਂ ਕੀਤਾ ਹੈ । ਦੂਸਰੀ ਤਰਫ਼ ਵਿਧਾਇਕਾਂ ਨੇ ਰੋਪੜ, ਮੋਗਾ, ਲੁਧਿਆਣਾ ਅਤੇ ਸਰਦੂਲਗੜ੍ਹ ਚ ਨਵਨੀਤ ਚਤੁਰਵੇਦੀ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਨ੍ਹਾਂ ਵਿਧਾਇਕਾਂ ਨੇ ਪੰਜਾਬ ਦੇ ਡੀਜੀਪੀ ਨੂੰ ਇਸ ਸਬੰਧੀ ਲਿਖਤੀ ਸ਼ਿਕਾਇਤ ਵੀ ਦਿੱਤੀ ਸੀ।