India latest news

ਭਾਰਤ-ਬਰਤਾਨੀਆ ’ਚ 35 ਕਰੋੜ ਪੌਂਡ ਦਾ ਮਿਜ਼ਾਈਲ ਸਮਝੌਤਾ

ਭਾਰਤ-ਬਰਤਾਨੀਆ ’ਚ 35 ਕਰੋੜ ਪੌਂਡ ਦਾ ਮਿਜ਼ਾਈਲ ਸਮਝੌਤਾ
  • PublishedOctober 10, 2025

ਭਾਰਤ ਅਤੇ ਬਰਤਾਨੀਆ ਨੇ ਨਵੀਆਂ ਮਿਜ਼ਾਈਲਾਂ ਲਈ 35 ਕਰੋੜ ਪੌਂਡ ਦੇ ਸਮਝੌਤੇ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਅਹਿਮ ਖਣਿਜਾਂ ’ਚ ਸਹਿਯੋਗ ਅਤੇ ਭਾਰਤ ’ਚ ਯੂ ਕੇ ਅਧਾਰਤ ਯੂਨੀਵਰਸਿਟੀਆਂ ਦੇ ਵਧੇਰੇ ਕੈਂਪਸ ਖੋਲ੍ਹਣ ’ਤੇ ਵੀ ਸਹਿਮਤੀ ਜਤਾਈ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਨੇ ਮੁੰਬਈ ’ਚ ਦੁਵੱਲੀ ਮੀਟਿੰਗ ਕੀਤੀ ਜੋ ਜੁਲਾਈ ’ਚ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤਾਂ ਮਗਰੋਂ ਪਹਿਲੀ ਸੀ।

ਸਟਾਰਮਰ, ਜਿਨ੍ਹਾਂ ਇਕ ਦਿਨ ਪਹਿਲਾਂ ਮੁੰਬਈ ’ਚ ਯਸ਼ਰਾਜ ਸਟੂਡੀਓ ਦਾ ਦੌਰਾ ਕੀਤਾ ਸੀ, ਨੇ ਬਰਤਾਨੀਆ ’ਚ ਤਿੰਨ ਬੌਲੀਵੁੱਡ ਫਿਲਮਾਂ ਬਣਾਉਣ ਦਾ ਵੀ ਐਲਾਨ ਕੀਤਾ। ਦੋਵੇਂ ਆਗੂਆਂ ਵਿਚਾਲੇ ਮੀਟਿੰਗ ਮਗਰੋਂ ਜਾਰੀ ਕੀਤੇ ਗਏ ਸਾਂਝੇ ਬਿਆਨ ’ਚ ਬਰਤਾਨੀਆ ਦੇ ਵੀਜ਼ਾ ਨਿਯਮਾਂ ’ਚ ਹੋਏ ਹਾਲੀਆ ਬਦਲਾਅ ਬਾਰੇ ਕੁਝ ਵੀ ਨਹੀਂ ਆਖਿਆ ਗਿਆ ਹੈ ਜਿਸ ਦਾ ਭਾਰਤੀਆਂ ’ਤੇ ਅਸਰ ਪਵੇਗਾ।

ਦੋਵੇਂ ਮੁਲਕਾਂ ਵਿਚਾਲੇ ਥੇਲਸ ਵੱਲੋਂ ਬਣਾਈਆਂ ਅਤੇ ਮਾਰਟਲੇਟ ਨਾਮ ਦੀਆਂ ਲਾਈਟਵੇਟ ਮਲਟੀਰੋਲ ਮਿਜ਼ਾਈਲ ਪ੍ਰਣਾਲੀਆਂ ਲਈ ਸਮਝੌਤੇ ’ਤੇ ਸਹਿਮਤੀ ਬਣੀ। ਇਹ ਮਿਜ਼ਾਈਲਾਂ ਭਾਰਤੀ ਫ਼ੌਜ ਦੀਆਂ ਜੰਗੀ ਯੂਨਿਟਾਂ ਨੂੰ ਮਿਲਣਗੀਆਂ। ਇਹ ਪੈਦਲ ਫ਼ੌਜ ਦੇ ਜਵਾਨਾਂ, ਬਖ਼ਤਰਬੰਦ ਵਾਹਨਾਂ, ਹੈਲੀਕਾਪਟਰਾਂ ਅਤੇ ਜਲ ਸੈਨਾ ਦੇ ਬੇੜਿਆਂ ਰਾਹੀਂ ਵੀ ਦਾਗ਼ੀਆਂ ਜਾ ਸਕਦੀਆਂ ਹਨ। ਇਹ ਮਿਜ਼ਾਈਲਾਂ 6 ਕਿਲੋਮੀਟਰ ਦੀ ਦੂਰੀ ’ਤੇ 1.5 ਮੈਕ ਦੀ ਰਫ਼ਤਾਰ ਨਾਲ ਨਿਸ਼ਾਨਿਆਂ ਨੂੰ ਫੁੰਡ ਸਕਦੀਆਂ ਹਨ। ਮੋਦੀ ਅਤੇ ਸਟਾਰਮਰ ਨੇ ਜਲ ਸੈਨਾ ਪਲੈਟਫਾਰਮਾਂ ਲਈ ਬਿਜਲਈ ਪ੍ਰਣਾਲੀਆਂ ਵਿਕਸਤ ਕਰਨ ਦੇ ਅੰਤਰ-ਸਰਕਾਰੀ ਸਮਝੌਤੇ ਨੂੰ ਵੀ ਅੰਤਿਮ ਰੂਪ ਦਿੱਤਾ।

ਮੋਦੀ ਨੇ ਕਿਹਾ ਕਿ ਦੋਵੇਂ ਮੁਲਕ ਰੱਖਿਆ ਸਹਿ-ਉਤਪਾਦਨ ਵੱਲ ਅੱਗੇ ਵੱਧ ਰਹੇ ਹਨ। ਦੋਵੇਂ ਮੁਲਕਾਂ ਨੇ ਫ਼ੌਜੀ ਸਿਖਲਾਈ ’ਚ ਸਹਿਯੋਗ ਦੇ ਸਮਝੌਤੇ ’ਤੇ ਵੀ ਦਸਤਖ਼ਤ ਕੀਤੇ। ਇਸ ਤਹਿਤ ਭਾਰਤੀ ਹਵਾਈ ਫ਼ੌਜ ਦੇ ਫਲਾਇੰਗ ਇੰਸਟ੍ਰਕਟਰ ਯੂ ਕੇ ਦੀ ਰੌਇਲ ਏਅਰ ਫੋਰਸ ’ਚ ਟਰੇਨਰ ਵਜੋਂ ਸੇਵਾਵਾਂ ਨਿਭਾਉਣਗੇ। ਦੋਵੇਂ ਆਗੂਆਂ ਨੇ ਵਾਤਾਵਰਨ ਤਕਨਾਲੋਜੀ ਅਤੇ ਏ ਆਈ ’ਚ ‘ਭਾਰਤ-ਯੂਕੇ ਆਫਸ਼ੋਰ ਵਿੰਡ ਟਾਸਕ ਫੋਰਸ’ ਅਤੇ ‘ਵਾਤਾਵਰਨ ਤਕਨਾਲੋਜੀ ਸਟਾਰਟਅਪ ਫੰਡ’ ਦੇ ਗਠਨ ਦਾ ਵੀ ਸਵਾਗਤ ਕੀਤਾ।