ਲੇਹ ’ਚ ਹਿੰਸਾ ਰੋਕਣ ਲਈ ਕਰਫਿਊ ਲਾਇਆ; ਐਲ ਜੀ ਨੇ ਸਾਜ਼ਿਸ਼ ਹੋਣ ਦਾ ਦਾਅਵਾ ਕੀਤਾ
ਲਦਾਖ ਦੇ ਉਪ ਰਾਜਪਾਲ ਕਵਿੰਦਰ ਗੁਪਤਾ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਲੇਹ ਜ਼ਿਲ੍ਹੇ ਵਿੱਚ ਖੂਨ-ਖਰਾਬੇ ਨੂੰ ਰੋਕਣ ਲਈ ਕਰਫਿਊ ਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਉਨ੍ਹਾਂ ਲਦਾਖ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਰਫਿਊ ਇਹਤਿਆਤ ਵਜੋਂ ਲਾਇਆ ਗਿਆ ਹੈ। ਉਨ੍ਹਾਂ ਹਿੰਸਾ ਦੌਰਾਨ ਜਾਨਾਂ ਗਵਾਉਣ ਵਾਲਿਆਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹੋਰ ਜਾਨੀ ਨੁਕਸਾਨ ਨੂੰ ਰੋਕਣ ਲਈ ਸਾਰੇ ਜ਼ਰੂਰੀ ਉਪਾਅ ਕਰਨ ਦੇ ਨਿਰਦੇਸ਼ ਦਿੱਤੇ ਹਨ।
ਇੱਥੇ ਬੰਦ ਦੌਰਾਨ ਪੁਲੀਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪ ਹੋਣ ਤੋਂ ਬਾਅਦ Sonam Wangchuk ਨੇ 15 ਦਿਨਾਂ ਦੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਹਾਲਾਂਕਿ ਇਸ ਝੜਪ ਦੌਰਾਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ।
ਵਾਂਗਚੁਕ ਨੇ ਹੜਤਾਲ ਵਾਲੀ ਥਾਂ ‘ਤੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਆਪਣੇ ਸਮਰਥਕਾਂ ਨੂੰ ਕਿਹਾ,“ ਮੈਂ ਲੱਦਾਖ ਦੇ ਨੌਜਵਾਨਾਂ ਨੂੰ ਹਿੰਸਾ ਨੂੰ ਤੁਰੰਤ ਬੰਦ ਕਰਨ ਦੀ ਬੇਨਤੀ ਕਰਦਾ ਹਾਂ ਕਿਉਂਕਿ ਇਹ ਸਿਰਫ ਸਾਡੇ ਉਦੇਸ਼ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਸਥਿਤੀ ਨੂੰ ਹੋਰ ਵਿਗੜਦਾ ਹੈ। ਅਸੀਂ ਲੱਦਾਖ ਅਤੇ ਦੇਸ਼ ਵਿੱਚ ਅਸਥਿਰਤਾ ਨਹੀਂ ਚਾਹੁੰਦੇ।”
ਦੱਸ ਦਈਏ ਕਿ ਹਿੰਸਾ ਦੇ ਚਲਦਿਆਂ ਸਾਲਾਨਾ ਲੱਦਾਖ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਸੀ। ਲੈਫਟੀਨੈਂਟ ਗਵਰਨਰ ਕਵਿੰਦਰ ਗੁਪਤਾ ਇੱਥੇ ਸ਼ੁਰੂ ਹੋਏ ਇਸ ਤਿਉਹਾਰ ਦੇ ਸਮਾਪਤੀ ਸਮਾਰੋਹ ਵਿੱਚ ਸ਼ਾਮਲ ਹੋਣ ਵਾਲੇ ਸਨ। ਪ੍ਰਸ਼ਾਸਨ ਨੇ ਅਣਚਾਹੇ ਹਾਲਾਤਾਂ ਕਾਰਨ ਚੱਲ ਰਹੇ ਲੱਦਾਖ ਫੈਸਟੀਵਲ ਦੇ ਆਖਰੀ ਦਿਨ ਅਤੇ ਸਮਾਪਤੀ ਸਮਾਰੋਹ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ।