latest news Punjab

ਹੜ੍ਹਾਂ ਤੋਂ ਬਾਅਦ ਮੁੜ ਖੁੱਲ੍ਹਿਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ

ਹੜ੍ਹਾਂ ਤੋਂ ਬਾਅਦ ਮੁੜ ਖੁੱਲ੍ਹਿਆ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ
  • PublishedSeptember 22, 2025

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਲੰਬਾ ਸਮਾਂ ਅਰਦਾਸਾਂ ਕਰਦੇ ਰਹੇ ਸ਼ਰਧਾਲੂਆਂ ਨੂੰ ਬੇਸ਼ੱਕ 2019 ’ਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣ ਕਾਰਨ ਵੱਡੀ ਰਾਹਤ ਮਿਲੀ ਸੀ ਪਰ ਇਸ ਦੇ ਬਾਅਦ ਵੱਖ-ਵੱਖ ਕਾਰਨਾਂ ਸਦਕਾ ਕਈ ਵਾਰ ਇਹ ਲਾਂਘਾ ਬੰਦ ਹੋਣ ਕਾਰਨ ਸ਼ਰਧਾਲੂਆਂ ’ਚ ਵੱਡੀ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ।

ਖਾਸ ਤੌਰ ’ਤੇ ਹੁਣ ਪਿਛਲੇ ਤਕਰੀਬਨ ਪੰਜ ਮਹੀਨਿਆਂ ਦੌਰਾਨ ਵਾਪਰੇ ਕਈ ਤਰ੍ਹਾਂ ਦੇ ਘਟਨਾਕਰਮਾਂ ਦੇ ਦੌਰਾਨ ਜਦੋਂ ਇਸ ਲਾਂਘਾ ਨੂੰ ਮੁੜ ਬੰਦ ਕੀਤਾ ਹੋਇਆ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਚਰਨ ਸ਼ੋਹ ਪ੍ਰਾਪਤ ਜਨਮ ਭੂਮੀ ਦੇ ਦਰਸ਼ਨ ਕਰਨ ਦੇ ਚਾਹਵਾਨ ਸ਼ਰਧਾਲੂਆਂ ’ਚ ਵੱਡੀ ਨਿਰਾਸ਼ਾ ਪਾਈ ਜਾ ਰਹੀ ਹੈ।

 

ਸੰਗਤ ’ਚ ਵਧ ਰਹੀ ਹੈ ਨਿਰਾਸ਼ਾ ਅਤੇ ਰੋਸ ਦੀ ਲਹਿਰ

ਸਿੱਖ ਸ਼ਰਧਾਲੂ ਇਸ ਗੱਲ ਨੂੰ ਲੈ ਕੇ ਰੋਸ ’ਚ ਹਨ ਕਿ ਹਾਲ ਹੀ ਵਿਚ ਆਏ ਹੜ੍ਹਾਂ ਕਾਰਨ ਜਦੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਕਈ ਫੁੱਟ ਪਾਣੀ ਭਰ ਗਿਆ ਸੀ ਤਾਂ ਉੱਥੇ ਦੀ ਸਰਕਾਰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਗੁਰਦੁਆਰਾ ਸਾਹਿਬ ਦੀ ਸਾਫ ਸਫਾਈ ਕਰਵਾ ਕੇ ਗੁਰਦੁਆਰਾ ਸਾਹਿਬ ਨੂੰ ਮੁੜ ਖੁੱਲ੍ਹੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ ਪਰ ਭਾਰਤ ਸਰਕਾਰ ਵੱਲੋਂ ਲਾਂਘੇ ਨੂੰ ਮਈ ਮਹੀਨੇ ਤੋਂ ਹੀ ਬੰਦ ਕਰ ਕੇ ਸ਼ਰਧਾਲੂਆਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਤੋਂ ਵਾਂਝੇ ਕਰ ਦਿੱਤਾ ਗਿਆ। ਸ਼ਰਧਾਲੂ ਇਸ ਗੱਲ ਨੂੰ ਲੈ ਕੇ ਰੋਸ ’ਚ ਹਨ ਕਿ ਇਕ ਧਾਰਮਿਕ ਸਥਾਨ ਦੇ ਦਰਸ਼ਨਾਂ ਤੋਂ ਸੰਗਤਾਂ ਨੂੰ ਤਾਂ ਰੋਕ ਦਿੱਤਾ ਗਿਆ ਹੈ ਪਰ ਕ੍ਰਿਕਟ ਮੈਚ ਅਤੇ ਦੋਵਾਂ ਦੇਸ਼ਾਂ ਦਰਮਿਆਨ ਹੋ ਕਈ ਤਰ੍ਹਾਂ ਦੇ ਵਪਾਰ ਅਤੇ ਸਬੰਧ ਉਸੇ ਤਰ੍ਹਾਂ ਜਾਰੀ ਹਨ।

 

ਕਦੋਂ ਬੰਦ ਹੋਇਆ ਸੀ ਲਾਂਘਾ

ਜਾਣਕਾਰੀ ਅਨੁਸਾਰ ਜਦੋਂ ਅਪ੍ਰੈਲ ਮਹੀਨੇ ਪਹਿਲਗਾਮ ’ਚ ਅੱਤਵਾਦੀ ਹਮਲਾ ਹੋਇਆ ਸੀ ਤਾਂ ਉਸਦੇ ਬਾਅਦ ਭਾਰਤ ਸਰਕਾਰ ਨੇ 7 ਮਈ ਨੂੰ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਸੀ, ਉਸ ਦਿਨ ਤੋਂ ਹੁਣ ਤੱਕ ਲਾਂਘਾ ਬੰਦ ਹੀ ਪਿਆ ਹੋਇਆ ਹੈ, ਜਿਸ ਦੇ ਦਰਮਿਆਨ ਅਗਸਤ ਮਹੀਨੇ ਰਾਵੀ ਦਰਿਆ ’ਚ ਆਏ ਭਾਰੀ ਹੜ੍ਹ ਕਾਰਨ ਜਿੱਥੇ ਭਾਰਤ ਵਾਲੇ ਪਾਸੇ ਵੱਡਾ ਨੁਕਸਾਨ ਹੋਇਆ ਹੈ, ਉਸ ਦੇ ਨਾਲ ਹੀ ਰਾਵੀ ਦੇ ਪਾਣੀ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ’ਚ ਵੀ ਵੱਡਾ ਨੁਕਸਾਨ ਪਹੁੰਚਾਇਆ ਸੀ।