24 ਸਾਲਾ ਫਰੀਦਕੋਟ ਦੀ ਕੁੜੀ ਦੀ ਕੈਨੇਡਾ ’ਚ ਮੌ/ਤ, ਵਿਨੀਪੈਗ ’ਚ ਆਇਆ ਅਚਾਨਕ ਦਿਲ ਦਾ ਦੌਰਾ
ਫਰੀਦਕੋਟ: ਜ਼ਿਲ੍ਹੇ ਦੇ ਪਿੰਡ ਦੋਦ ਦੀ ਰਹਿਣ ਵਾਲੀ 24 ਸਾਲਾ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਵਿਨੀਪੈਗ ਵਿੱਚ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌ/ਤ ਹੋ ਗਈ। ਇਸ ਦੁਖਦਾਈ ਖ਼ਬਰ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਜਾਣਕਾਰੀ ਮੁਤਾਬਕ ਅਨਮੋਲਦੀਪ ਕੌਰ ਨੇ ਫਰੀਦਕੋਟ ਤੋਂ ਮੈਡੀਕਲ ਸਟਰੀਮ ਵਿੱਚ 12ਵੀਂ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰੀਬ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਦਾ ਰੁਖ ਕੀਤਾ ਸੀ। ਉਹ ਆਪਣੀ ਪੜ੍ਹਾਈ ਪੂਰੀ ਕਰ ਚੁੱਕੀ ਸੀ ਅਤੇ ਹਾਲ ਹੀ ਵਿੱਚ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (PR) ਲਈ ਅਰਜ਼ੀ ਵੀ ਦੇ ਚੁੱਕੀ ਸੀ।
ਅਨਮੋਲਦੀਪ ਕੌਰ ਡਾ. ਜਰਨੈਲ ਸਿੰਘ ਦੀ ਗੋਦ ਲਈ ਹੋਈ ਧੀ ਸੀ। ਡਾ. ਜਰਨੈਲ ਸਿੰਘ ਪਿੰਡ ਦੋਦ ਵਿੱਚ ਕਲੀਨਿਕ ਚਲਾਉਣ ਵਾਲੇ ਸਥਾਨਕ ਡਾਕਟਰ ਅਤੇ ਸਮਾਜ ਸੇਵਕ ਹਨ। ਉਨ੍ਹਾਂ ਦੇ ਆਪਣੇ ਕੋਈ ਬੱਚੇ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪਣੇ ਵੱਡੇ ਭਰਾ ਪ੍ਰੀਤਮ ਸਿੰਘ ਦੀ ਧੀ ਅਨਮੋਲਦੀਪ ਨੂੰ ਗੋਦ ਲੈ ਕੇ ਆਪਣੀ ਧੀ ਵਾਂਗ ਪਾਲਿਆ ਸੀ।
ਪਰਿਵਾਰਕ ਸੂਤਰਾਂ ਮੁਤਾਬਕ ਅਨਮੋਲਦੀਪ ਵਿਨੀਪੈਗ ਵਿੱਚ ਇੱਕ ਅਪਾਰਟਮੈਂਟ ਵਿੱਚ ਬੰਗਲਾਦੇਸ਼ ਦੀ ਰਹਿਣ ਵਾਲੀ ਇੱਕ ਰੂਮਮੇਟ ਨਾਲ ਰਹਿ ਰਹੀ ਸੀ। ਬੁੱਧਵਾਰ ਨੂੰ ਅਚਾਨਕ ਉਸ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਦਿਲ ਦਾ ਦੌਰਾ ਪਿਆ। ਰੂਮਮੇਟ ਵੱਲੋਂ ਇਸ ਦੀ ਜਾਣਕਾਰੀ ਪਰਿਵਾਰ ਨੂੰ ਦਿੱਤੀ ਗਈ।
ਧੀ ਦੀ ਮੌਤ ਨਾਲ ਡਾ. ਜਰਨੈਲ ਸਿੰਘ ਗਹਿਰੇ ਸਦਮੇ ਵਿੱਚ ਹਨ। ਉਨ੍ਹਾਂ ਨੇ ਵਿਦੇਸ਼ ਭੇਜਣ ਦੇ ਫੈਸਲੇ ਨੂੰ ਲੈ ਕੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਘਰ ਤੋਂ ਦੂਰ ਰਹਿ ਕੇ ਪੜ੍ਹਾਈ ਅਤੇ ਭਵਿੱਖ ਬਣਾਉਣ ਵਾਲੇ ਨੌਜਵਾਨਾਂ ਨੂੰ ਕਈ ਤਰ੍ਹਾਂ ਦੇ ਦਬਾਅ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਹੁਣ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਅਨਮੋਲਦੀਪ ਕੌਰ ਦੀ ਮ੍ਰਿਤਕ ਦੇਹ ਨੂੰ ਕੈਨੇਡਾ ਤੋਂ ਪੰਜਾਬ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ, ਤਾਂ ਜੋ ਉਸ ਦਾ ਅੰਤਿਮ ਸਸਕਾਰ ਪਿੰਡ ਵਿੱਚ ਪਰਿਵਾਰਕ ਰਸਮਾਂ ਅਨੁਸਾਰ ਕੀਤਾ ਜਾ ਸਕੇ।
ਅਨਮੋਲਦੀਪ ਕੌਰ ਦੀ ਅਚਾਨਕ ਹੋਈ ਮੌਤ ਨੇ ਪਰਿਵਾਰ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।