225 ਪਾਵਨ ਸਰੂਪਾਂ ਦੇ ਮਾਮਲੇ ’ਤੇ ਸਰੀ ਵਿੱਚ ਵਿਵਾਦ ਭਖਿਆ; ਗੁਰਦੁਆਰਾ ਸਿੰਘ ਸਭਾ ਅਤੇ ਬੀ.ਸੀ. ਗੁਰਦੁਆਰਾ ਸਾਹਿਬਾਨ ਦੇ ਆਗੂ ਆਹਮੋ-ਸਾਹਮਣੇ
ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੈਨੇਡਾ ਭੇਜੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 225 ਪਾਵਨ ਸਰੂਪਾਂ ਦੇ ਸਤਿਕਾਰ ਅਤੇ ਆਵਾਜਾਈ ਨੂੰ ਲੈ ਕੇ ਸਰੀ ਦੀਆਂ ਸਿੱਖ ਸੰਸਥਾਵਾਂ ਵਿੱਚ ਮਤਭੇਦ ਸਾਹਮਣੇ ਆਏ ਹਨ। ਇੱਕ ਪਾਸੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰੀ ਦੀ ਪ੍ਰਬੰਧਕ ਕਮੇਟੀ ਨੇ 19 ਜੁਲਾਈ ਨੂੰ ਆਪਣੇ ਗੁਰਦੁਆਰਾ ਸਾਹਿਬ ਦੇ ਬਾਹਰ ਹੋਏ ਮੁਜ਼ਾਹਰੇ ਨੂੰ “ਮੰਦਭਾਗਾ” ਕਰਾਰ ਦਿੱਤਾ ਹੈ, ਜਦਕਿ ਦੂਜੇ ਪਾਸੇ ਬੀ.ਸੀ. ਗੁਰਦੁਆਰਾ ਸਾਹਿਬਾਨ ਅਤੇ ਕੁਝ ਸਿੱਖ ਆਗੂਆਂ ਨੇ ਸਰੂਪਾਂ ਦੀ ਆਵਾਜਾਈ ਅਤੇ ਮਰਿਆਦਾ ਸਬੰਧੀ ਗੰਭੀਰ ਸਵਾਲ ਉਠਾਏ ਹਨ।
ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ 7 ਜੁਲਾਈ 2026 ਨੂੰ ਜਾਰੀ ਕੀਤੇ ਆਦੇਸ਼ਾਂ ਦਾ ਪੂਰਾ ਸਤਿਕਾਰ ਕਰਦੀ ਹੈ ਅਤੇ ਕਿਸੇ ਵੀ ਵਿਵਾਦ ਨੂੰ ਹੋਰ ਵਧਾਉਣਾ ਨਹੀਂ ਚਾਹੁੰਦੀ। ਕਮੇਟੀ ਅਨੁਸਾਰ, 19 ਜੁਲਾਈ ਦੀ ਸਵੇਰ ਬੀ.ਸੀ. ਗੁਰਦੁਆਰਾ ਕੌਂਸਲ ਦੇ ਤਿੰਨ ਨੁਮਾਇੰਦਿਆਂ ਨਾਲ ਮੀਟਿੰਗ ਹੋਈ, ਜਿਸ ਵਿੱਚ ਸਰੂਪਾਂ ਦੇ ਦਰਸ਼ਨਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਮੇਟੀ ਦਾ ਕਹਿਣਾ ਹੈ ਕਿ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿੱਚ ਵੱਧ ਰੁਝੇਵਾਂ ਹੋਣ ਕਾਰਨ ਇਹ ਸਹਿਮਤੀ ਬਣੀ ਸੀ ਕਿ ਉਸੇ ਦਿਨ ਦੁਪਹਿਰ 3 ਵਜੇ ਕੌਂਸਲ ਦੇ ਪੰਜ ਨੁਮਾਇੰਦਿਆਂ ਦੀ ਹਾਜ਼ਰੀ ਵਿੱਚ ਉਨ੍ਹਾਂ ਵੱਲੋਂ ਭੇਜੇ ਗਏ ਪੰਜ ਗ੍ਰੰਥੀ ਸਿੰਘਾਂ ਨੂੰ ਪਹਿਲੇ ਪੜਾਅ ਵਿੱਚ 5 ਤੋਂ 7 ਪਾਵਨ ਸਰੂਪਾਂ ਦੇ ਦਰਸ਼ਨ ਕਰਵਾਏ ਜਾਣਗੇ ਅਤੇ ਬਾਕੀ ਸਰੂਪਾਂ ਦੇ ਦਰਸ਼ਨ ਅਗਲੇ ਹਫ਼ਤੇ ਦੌਰਾਨ ਕਰਵਾ ਦਿੱਤੇ ਜਾਣਗੇ। ਕਮੇਟੀ ਦਾ ਦਾਅਵਾ ਹੈ ਕਿ ਇਸ ਸਹਿਮਤੀ ਦੇ ਬਾਵਜੂਦ ਮੁਜ਼ਾਹਰਾ ਕੀਤਾ ਗਿਆ, ਜੋ ਮੰਦਭਾਗਾ ਸੀ।
ਦੂਜੇ ਪਾਸੇ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਰੀ-ਡੈਲਟਾ ਵਿਖੇ ਬੀ.ਸੀ. ਗੁਰਦੁਆਰਾ ਸਾਹਿਬਾਨ ਅਤੇ ਸਿੱਖ ਸੰਗਤ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਵਿੱਚ ਗਿਆਨੀ ਜੈਮਲ ਸਿੰਘ, ਭਾਈ ਹਰਦੀਪ ਸਿੰਘ ਨਾਗਰਾ, ਭਾਈ ਗਗਨ ਸਿੰਘ, ਭਾਈ ਜਸਵੀਰ ਸਿੰਘ, ਭਾਈ ਗੁਰਦੀਪ ਸਿੰਘ ਸਮਰਾ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਅਮਨਦੀਪ ਸਿੰਘ ਜੌਹਲ, ਭਾਈ ਰਣਜੀਤ ਸਿੰਘ ਖਾਲਸਾ ਅਤੇ ਭਾਈ ਲਖਵੰਤ ਸਿੰਘ ਸਮੇਤ ਹੋਰ ਆਗੂਆਂ ਨੇ ਦੋਸ਼ ਲਾਇਆ ਕਿ ਪਾਵਨ ਸਰੂਪਾਂ ਨੂੰ ਸਮੁੰਦਰੀ ਰਸਤੇ ਕੰਟੇਨਰ ਰਾਹੀਂ ਲਿਆਂਦਾ ਗਿਆ, ਜਿਸ ਕਾਰਨ ਉਨ੍ਹਾਂ ਦੇ ਸਤਿਕਾਰ ਅਤੇ ਰੱਖ-ਰਖਾਅ ਸਬੰਧੀ ਸਵਾਲ ਖੜ੍ਹੇ ਹੁੰਦੇ ਹਨ।
ਆਗੂਆਂ ਨੇ ਇਹ ਵੀ ਦੋਸ਼ ਲਾਇਆ ਕਿ ਗੁਰਦੁਆਰਾ ਸਿੰਘ ਸਭਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਸਰੂਪਾਂ ਦੇ ਦਰਸ਼ਨ ਨਹੀਂ ਕਰਵਾਏ ਅਤੇ ਨਾ ਹੀ ਸਰੂਪਾਂ ਦੇ ਕੈਨੇਡਾ ਪਹੁੰਚਣ ਸਮੇਂ ਹੋਰ ਗੁਰਦੁਆਰਾ ਸਾਹਿਬਾਨ ਜਾਂ ਪ੍ਰਬੰਧਕ ਕਮੇਟੀਆਂ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਮਾਮਲੇ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਆਪਣੇ ਸਵਾਲਾਂ ਦਾ ਅਜੇ ਤੱਕ ਕੋਈ ਸਪੱਸ਼ਟ ਜਵਾਬ ਨਹੀਂ ਮਿਲਿਆ।