2020 Delhi riots: ਆਈਬੀ ਅਫਸਰ ਅੰਕਿਤ ਸ਼ਰਮਾ ਕਤਲ ਕੇਸ ਵਿੱਚ ਸਾਬਕਾ ‘ਆਪ’ ਕੌਂਸਲਰ ਤਾਹਿਰ ਹੁਸੈਨ ਅਤੇ 4 ਹੋਰ ਦੋਸ਼ੀ ਕਰਾਰ
2020 Delhi riots: ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਦੌਰਾਨ ਇੰਟੈਲੀਜੈਂਸ ਬਿਊਰੋ (ਆਈਬੀ) ਦੇ ਅਫਸਰ ਅੰਕਿਤ ਸ਼ਰਮਾ ਦੇ ਸਨਸਨੀਖੇਜ਼ ਕਤਲ ਲਈ ਸਾਬਕਾ ਆਮ ਆਦਮੀ ਪਾਰਟੀ (ਆਪ) ਦੇ ਕੌਂਸਲਰ ਤਾਹਿਰ ਹੁਸੈਨ ਅਤੇ ਚਾਰ ਹੋਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਐਡੀਸ਼ਨਲ ਸੈਸ਼ਨ ਜੱਜ ਪ੍ਰਵੀਨ ਸਿੰਘ ਹੁਸੈਨ ਸਮੇਤ ਕੁੱਲ 11 ਮੁਲਜ਼ਮਾਂ ਖ਼ਿਲਾਫ਼ ਕੇਸ ਦੀ ਸੁਣਵਾਈ ਕਰ ਰਹੇ ਸਨ ਅਤੇ ਉਨ੍ਹਾਂ ਨੇ ਇਨ੍ਹਾਂ ਵਿੱਚੋਂ ਪੰਜ ਨੂੰ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਤਾਹਿਰ ਹੁਸੈਨ ਨੂੰ ਦੁਸ਼ਮਣੀ ਵਧਾਉਣ, ਦੰਗੇ ਕਰਨ, ਹਮਲਾ ਕਰਨ, ਅਪਰਾਧਿਕ ਤਾਕਤ ਦੀ ਵਰਤੋਂ ਕਰਨ ਅਤੇ ਕਤਲ ਦੇ ਦੋਸ਼ਾਂ ਤਹਿਤ ਦੋਸ਼ੀ ਪਾਇਆ।
ਇਹ ਕੇਸ ਅੰਕਿਤ ਸ਼ਰਮਾ ਦੇ ਪਿਤਾ ਰਵਿੰਦਰ ਕੁਮਾਰ ਦੀ ਸ਼ਿਕਾਇਤ ‘ਤੇ ਦਿਆਲਪੁਰ ਪੁਲੀਸ ਸਟੇਸ਼ਨ ਵਿੱਚ ਦਰਜ ਐੱਫ.ਆਈ.ਆਰ. ਨਾਲ ਸਬੰਧਤ ਹੈ। ਉਨ੍ਹਾਂ ਅਨੁਸਾਰ ਇੰਟੈਲੀਜੈਂਸ ਬਿਊਰੋ ਵਿੱਚ ਤਾਇਨਾਤ ਅੰਕਿਤ ਸ਼ਰਮਾ 25 ਫਰਵਰੀ 2020 ਨੂੰ ਦਫਤਰ ਤੋਂ ਘਰ ਪਰਤਿਆ ਸੀ ਅਤੇ ਬਾਅਦ ਵਿੱਚ ਦੁਬਾਰਾ ਬਾਹਰ ਚਲਾ ਗਿਆ ਸੀ। ਜਦੋਂ ਉਹ ਕਾਫੀ ਦੇਰ ਤੱਕ ਘਰ ਨਹੀਂ ਪਰਤਿਆ, ਤਾਂ ਉਸਦੇ ਪਰਿਵਾਰ ਨੇ ਉਸਦੀ ਭਾਲ ਸ਼ੁਰੂ ਕੀਤੀ, ਤਾਂ ਉਨ੍ਹਾਂ ਨੂੰ ਸਥਾਨਕ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਰ ਦਿੱਤਾ ਗਿਆ ਹੈ ਅਤੇ ਉਸਦੀ ਲਾਸ਼ ਚੰਦ ਬਾਗ ਪੁਲੀਆ ਖੇਤਰ ਵਿੱਚ ਇੱਕ ਮਸਜਿਦ ਨੇੜੇ ਖਜੂਰੀ ਖਾਸ ਨਾਲੇ ਵਿੱਚ ਸੁੱਟ ਦਿੱਤੀ ਗਈ ਹੈ। ਬਾਅਦ ਵਿੱਚ ਸ਼ਰਮਾ ਦੀ ਲਾਸ਼ ਨਾਲੇ ਵਿੱਚੋਂ ਬਰਾਮਦ ਕੀਤੀ ਗਈ ਸੀ।
ਰਵਿੰਦਰ ਕੁਮਾਰ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਉਸਦੇ ਪੁੱਤਰ ਦਾ ਕਤਲ ਤਤਕਾਲੀ ‘ਆਪ’ ਕੌਂਸਲਰ ਹੁਸੈਨ ਅਤੇ ਹੋਰਾਂ ਨੇ ਕੀਤਾ ਸੀ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਕਥਿਤ ਤੌਰ ‘ਤੇ ਹੁਸੈਨ ਦੇ ਦਫਤਰ ਵਿੱਚ ਇਕੱਠੇ ਹੋਏ ਸਨ ਅਤੇ ਕਤਲ ਤੋਂ ਬਾਅਦ ਅੰਕਿਤ ਦੀ ਲਾਸ਼ ਨੂੰ ਟਿਕਾਣੇ ਲਗਾ ਦਿੱਤਾ ਗਿਆ ਸੀ। ਇਸ ਕੇਸ ਵਿੱਚ ਨਾਮ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਹੁਸੈਨ ਨੂੰ ਮੁਅੱਤਲ ਕਰ ਦਿੱਤਾ ਸੀ।