1,279 ਨਵੀਆਂ ਸਰਕਾਰੀ ਬੱਸਾਂ ਸ਼ਾਮਲ, ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਬਣੇਗਾ ਭਾਰਤ ਦਾ ਨੰਬਰ 1 ਸੂਬਾ: ਹਰਪਾਲ ਸਿੰਘ ਚੀਮਾ
ਪੰਜਾਬ ਦੇ ਵਿੱਤ ਅਤੇ ਟਰਾਂਸਪੋਰਟ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਪੰਜਾਬ 1,279 ਨਵੀਆਂ ਸਰਕਾਰੀ ਬੱਸਾਂ ਸ਼ਾਮਲ ਕਰਕੇ ਇੱਕ ਵੱਡੇ ਫਲੀਟ ਵਿਸਥਾਰ ਰਾਹੀਂ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣਨ ਲਈ ਤਿਆਰ ਹੈ। ਇਸ ਵਿਸਥਾਰ ਨਾਲ ਸੂਬੇ ਦੀ ਬੱਸਾਂ ਦੀ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜੋ ਕਿ 56% ਦਾ ਇਤਿਹਾਸਕ ਵਾਧਾ ਹੈ ਅਤੇ ਦੋ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਭ ਤੋਂ ਵੱਡਾ ਵਾਧਾ ਹੈ। ਫਲੀਟ ਦਾ ਵਿਸਥਾਰ ਕਰਨ ਦੇ ਨਾਲ-ਨਾਲ, ਭਗਵੰਤ ਮਾਨ ਸਰਕਾਰ ਯਾਤਰੀਆਂ ਦੀ ਸੁਰੱਖਿਆ, ਸਹੂਲਤ ਅਤੇ ਆਖਰੀ ਮੀਲ ਤੱਕ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਡੈਸ਼ਕੈਮ, ਅੰਦਰੂਨੀ ਸੀ.ਸੀ.ਟੀ.ਵੀ. ਕੈਮਰੇ, ਜੀ.ਪੀ.ਐਸ. ਟਰੈਕਿੰਗ ਸਿਸਟਮ ਅਤੇ ਯੂ.ਪੀ.ਆਈ. ਕਿਊ.ਆਰ. ਕੋਡ ਆਧਾਰਿਤ ਇਲੈਕਟ੍ਰਾਨਿਕ ਟਿਕਟਿੰਗ ਸਮੇਤ ਆਧੁਨਿਕ ਤਕਨੀਕਾਂ ਵੀ ਪੇਸ਼ ਕਰੇਗੀ।
ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਹੁਣ ਤਕ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਮੁਕਾਬਲੇ ਆਪਣੇ ਸਰਕਾਰੀ ਬੱਸ ਕਾਫਲੇ ਦਾ ਸਭ ਤੋਂ ਵੱਡਾ ਵਿਸਥਾਰ ਕਰ ਰਿਹਾ ਹੈ। 1,279 ਬੱਸਾਂ ਦੇ ਸ਼ਾਮਲ ਹੋਣ ਨਾਲ, ਸਾਡੀ ਬੱਸਾਂ ਦੀ ਕੁੱਲ ਗਿਣਤੀ 2,267 ਤੋਂ ਵੱਧ ਕੇ 3,546 ਹੋ ਜਾਵੇਗੀ, ਜਿਸ ਨਾਲ ਪੰਜਾਬ ਜਨਤਕ ਟਰਾਂਸਪੋਰਟ ਬੁਨਿਆਦੀ ਢਾਂਚੇ ਵਿੱਚ ਦੇਸ਼ ਦਾ ਨੰਬਰ ਇੱਕ ਸੂਬਾ ਬਣ ਜਾਵੇਗਾ।”