ਸੰਗੀਤ ਜਗਤ ਨੂੰ ਵੱਡਾ ਸਦਮਾ: ਉੱਘੀ ਗਾਇਕਾ Asha Bhosle ਦਾ 92 ਸਾਲ ਦੀ ਉਮਰ ਵਿੱਚ ਦੇਹਾਂਤ
ਭਾਰਤੀ ਸੰਗੀਤ ਦੀ ਦੁਨੀਆ ਦਾ ਇੱਕ ਚਮਕਦਾ ਸਿਤਾਰਾ ਅੱਜ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ ਹੈ। ਮਹਾਨ ਪਲੇਅਬੈਕ ਗਾਇਕਾ ਆਸ਼ਾ ਭੌਸਲੇ ਦਾ 92 ਸਾਲ ਦੀ ਉਮਰ ਵਿੱਚ ਮੁੰਬਈ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ ਹੈ। ਪਰਿਵਾਰਕ ਸੂਤਰਾਂ ਨੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ।
ਜ਼ਿਕਰਯੋਗ ਹੈ ਕਿ ਆਸ਼ਾ ਜੀ ਨੂੰ ਪਿਛਲੇ ਦਿਨੀਂ ਛਾਤੀ ਵਿੱਚ ਇਨਫੈਕਸ਼ਨ, ਥਕਾਵਟ ਅਤੇ ਦਿਲ ਦੀਆਂ ਤਕਲੀਫ਼ਾਂ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਜਾਣ ਨਾਲ ਭਾਰਤੀ ਸਿਨੇਮਾ ਅਤੇ ਗਾਇਕੀ ਦੇ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਦਹਾਕਿਆਂ ਲੰਬੇ ਕਰੀਅਰ ਵਿੱਚ ਹਜ਼ਾਰਾਂ ਗੀਤ ਗਾਏ ਅਤੇ ਕਈ ਪੀੜ੍ਹੀਆਂ ਦੇ ਦਿਲਾਂ ‘ਤੇ ਰਾਜ ਕੀਤਾ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਆਸ਼ਾ ਭੌਸਲੇ ਆਪਣੇ ਪਿੱਛੇ ਪੁੱਤਰ ਆਨੰਦ ਅਤੇ ਪੋਤੇ-ਪੋਤੀਆਂ ਛੱਡ ਗਏ ਹਨ। ਆਸ਼ਾ ਨੇ ਸਰੋਤਿਆਂ ਨੂੰ “ਆਜਾ, ਆਜਾ” ਵਰਗੇ ਗੀਤਾਂ ‘ਤੇ ਨਚਾਇਆ ਅਤੇ “ਚੈਨ ਸੇ ਹਮ ਕੋ ਕਭੀ” ਰਾਹੀਂ ਗੁਆਚੇ ਪਿਆਰ ਦਾ ਦਰਦ ਮਹਿਸੂਸ ਕਰਵਾਇਆ। ਉਨ੍ਹਾਂ ਦੀ ਭੈਣ ਲਤਾ ਮੰਗੇਸ਼ਕਰ ਨੇ ਸੱਤ ਦਹਾਕਿਆਂ ਤੱਕ ਹਿੰਦੀ ਪਲੇਬੈਕ ਗਾਇਕੀ ਦੀ ਦੁਨੀਆ ‘ਤੇ ਰਾਜ ਕੀਤਾ। ਬਾਲੀਵੁੱਡ ਵਿੱਚ ਮੁੱਖ ਅਭਿਨੇਤਰੀਆਂ ਲਈ ਰਿਕਾਰਡ ਕੀਤੇ ਗਏ ਲਗਪਗ ਹਰ ਫਿਲਮੀ ਗੀਤ ਵਿੱਚ ਉਨ੍ਹਾਂ ਨੇ ਆਪਣੀ ਆਵਾਜ਼ ਦਿੱਤੀ।