‘ਕਦੇ ਵੀ ਮਾਲਕ ਤੋਂ ਅੱਗੇ ਨਾ ਵਧੋ’: ‘ਆਪ’ ਨਾਲ ਤਣਾਅ ਦੇ ਵਿਚਕਾਰ Raghav Chadha ਨੇ ਸਾਂਝੀ ਕੀਤੀ ਪੋਸਟ
ਆਮ ਆਦਮੀ ਪਾਰਟੀ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ ਰਾਘਵ ਚੱਢਾ ਸੋਮਵਾਰ ਨੂੰ ਸੋਸ਼ਲ ਮੀਡੀਆ ‘ਤੇ ਇੱਕ ਦਿਲਚਸਪ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ “ਦ 48 ਲਾਅਜ਼ ਆਫ ਪਾਵਰ” (ਸ਼ਕਤੀ ਦੇ 48 ਨਿਯਮ) ਕਿਤਾਬ ਨੂੰ ਉਜਾਗਰ ਕੀਤਾ ਗਿਆ ਹੈ ਅਤੇ ਇਸ ਦੇ ਇੱਕ ਖਾਸ ਸੰਦੇਸ਼ — “ਆਪਣੇ ਉੱਚ ਅਧਿਕਾਰੀ ਤੋਂ ਕਦੇ ਵੀ ਅੱਗੇ ਨਾ ਵਧੋ” — ‘ਤੇ ਜ਼ੋਰ ਦਿੱਤਾ ਗਿਆ ਹੈ।
ਪੋਸਟ ਵਿੱਚ ਰਾਘਵ ਆਪਣੇ ਬਗੀਚੇ ਵਿੱਚ ਬੈਠੇ ਅਮਰੀਕੀ ਲੇਖਕ ਰਾਬਰਟ ਗ੍ਰੀਨ ਦੀ ਕਿਤਾਬ ਪੜ੍ਹਦੇ ਹੋਏ ਦਿਖਾਈ ਦੇ ਰਹੇ ਹਨ। ਪੋਸਟ ਵਿੱਚ ਕਿਤਾਬ ਦਾ ਇੱਕ ਜ਼ੂਮ ਕੀਤਾ ਹੋਇਆ ਹਿੱਸਾ ਦਿਖਾਇਆ ਗਿਆ ਹੈ ਜਿਸ ਵਿੱਚ ਲਿਖਿਆ ਹੈ, “ਹਮੇਸ਼ਾ ਆਪਣੇ ਤੋਂ ਉੱਪਰ ਵਾਲਿਆਂ ਨੂੰ ਆਰਾਮ ਨਾਲ ਉੱਤਮ ਮਹਿਸੂਸ ਕਰਵਾਓ ਅਤੇ ਇਹ ਦਿਖਾਓ ਕਿ ਤੁਸੀਂ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਅਤੇ ਖੁਸ਼ ਕਰਨ ਦੀ ਇੱਛਾ ਰੱਖਦੇ ਹੋ।”
ਚੱਢਾ ਵੱਲੋਂ ਇਸ ਕਿਤਾਬ ਨੂੰ ਦਿਖਾਉਣ ਨੂੰ ਇੱਕ ਅਸਿੱਧੇ ਇਸ਼ਾਰੇ ਵਜੋਂ ਦੇਖਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਪਣੇ ਬੌਸ ਕੇਜਰੀਵਾਲ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਅਤੇ ਇਸ ਲਈ ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਪੰਜਾਬ ਦੀ ਪ੍ਰਤੀਨਿਧਤਾ ਕਰਨ ਵਾਲੇ ਰਾਜ ਸਭਾ ਮੈਂਬਰ ਚੱਢਾ ਨੂੰ ‘ਆਪ’ ਨੇ ਰਾਜ ਸਭਾ ਵਿੱਚ ਪਾਰਟੀ ਦੇ ਉਪ ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਪਾਰਟੀ ਨੇਤਾਵਾਂ ਨੇ ਉਨ੍ਹਾਂ ‘ਤੇ ਸੰਸਦ ਦੇ ਸਮੇਂ ਦੀ ਵਰਤੋਂ ਆਪਣੇ ਪ੍ਰਚਾਰ ਲਈ ਕਰਨ ਅਤੇ ਸੱਤਾਧਾਰੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹਮਲਾ ਨਾ ਕਰਨ ਦੇ ਦੋਸ਼ ਲਗਾਏ ਸਨ।
ਚੱਢਾ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ ਅਤੇ ਅੱਜ ਆਪਣੀ ਤਾਜ਼ਾ ਪੋਸਟ ਰਾਹੀਂ ਇਹ ਸੰਕੇਤ ਦਿੱਤਾ ਹੈ ਕਿ ਸ਼ਾਇਦ ਉਹ ਆਪਣੇ ਉੱਚ ਅਧਿਕਾਰੀ ਕੇਜਰੀਵਾਲ ਤੋਂ ਅੱਗੇ ਵਧਣ ਦੀ ਕੀਮਤ ਚੁਕਾ ਰਹੇ ਹਨ। ਚੱਢਾ ਨੇ ਜਿਸ ਕਿਤਾਬ ਦੀ ਝਲਕ ਦਿਖਾਈ ਹੈ ਉਹ ਰਾਬਰਟ ਗ੍ਰੀਨ ਵੱਲੋਂ ਲਿਖੀ ਗਈ ਹੈ, ਜੋ ਸ਼ਕਤੀ ਪ੍ਰਾਪਤ ਕਰਨ, ਬਣਾਈ ਰੱਖਣ ਅਤੇ ਬਚਾਅ ਕਰਨ ਦੀਆਂ ਰਣਨੀਤੀਆਂ ਨੂੰ ਨਿਖਾਰਨ ਲਈ ਇਤਿਹਾਸਕ ਉਦਾਹਰਣਾਂ ਦੀ ਵਰਤੋਂ ਕਰਦੀ ਹੈ।