ਹਰਿਆਣਾ ਵੱਲੋਂ ਪ੍ਰੀਖਿਆਵਾਂ ਦੌਰਾਨ ਕ੍ਰਿਪਾਨ ਤੇ ਮੰਗਲਸੂਤਰ ਪਹਿਨਣ ਦੀ ਇਜਾਜ਼ਤ
ਹਰਿਆਣਾ ਸਰਕਾਰ ਨੇ ਸੂਬੇ ਵਿਚ ਹੋਣ ਵਾਲੀਆਂ ਵੱਖ ਵੱਖ ਪ੍ਰੀਖਿਆਵਾਂ ਲਈ ਵਿਦਿਆਰਥੀਆਂ ਨੂੰ ਸਖ਼ਤ ਦਿਸ਼ਾ-ਨਿਰਦੇਸ਼ਾਂ ਤਹਿਤ ਕ੍ਰਿਪਾਨ ਅਤੇ ਮੰਗਲਸੂਤਰ ਪਹਿਨਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਸਬੰਧੀ ਸਿੱਖ ਵਿਦਿਆਰਥੀਆਂ ਅਤੇ ਵਿਆਹੁਤਾ ਮਹਿਲਾ ਉਮੀਦਵਾਰਾਂ ਨੂੰ ਪ੍ਰੀਖਿਆਵਾਂ ਦੌਰਾਨ ਕਈ ਸਮੱਸਿਆਵਾਂ ਆਉਂਦੀਆਂ ਸਨ। ਹਰਿਆਣਾ ਸਰਕਾਰ ਨੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਭਰਤੀ ਏਜੰਸੀਆਂ ਰਾਹੀਂ ਲਈਆਂ ਜਾਣ ਵਾਲੀਆਂ ਪ੍ਰੀਖਿਆਵਾਂ ਲਈ ਵਿਸਤ੍ਰਿਤ ਨਿਰਦੇਸ਼ ਅੱਜ ਜਾਰੀ ਕੀਤੇ। ਇਹ ਨਿਰਦੇਸ਼ ਅਦਾਲਤਾਂ ਦੇ ਦਖਲ ਤੋਂ ਬਾਅਦ ਜਾਰੀ ਕੀਤੇ ਗਏ ਹਨ ਕਿਉਂਕਿ ਕਈ ਸਿੱਖ ਵਿਦਿਆਰਥੀਆਂ ਤੇ ਵਿਆਹੁਤਾ ਔਰਤਾਂ ਨੂੰ ਕ੍ਰਮਵਾਰ ਕ੍ਰਿਪਾਨ ਤੇ ਮੰਗਲਸੂਤਰ ਕਾਰਨ ਪ੍ਰੀਖਿਆ ਕੇਂਦਰਾਂ ਵਿਚ ਦਾਖਲ ਹੋਣ ’ਤੇ ਰੋਕਿਆ ਗਿਆ ਸੀ।
ਮੁੱਖ ਸਕੱਤਰ ਦਫ਼ਤਰ ਵਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਵਾਲੇ ਸਿੱਖ ਵਿਦਿਆਰਥੀਆਂ ਅਤੇ ਉਮੀਦਵਾਰਾਂ ਨੂੰ ਨਿਰਧਾਰਤ ਮਾਪਦੰਡਾਂ ਤਹਿਤ ਕ੍ਰਿਪਾਨ ਪਹਿਨਣ ਅਤੇ ਲਿਜਾਣ ਦੀ ਇਜਾਜ਼ਤ ਹੋਵੇਗੀ। ਕ੍ਰਿਪਾਨ ਦੀ ਕੁੱਲ ਲੰਬਾਈ 9 ਇੰਚ (22.86 ਸੈਂਟੀਮੀਟਰ) ਤੋਂ ਵੱਧ ਨਹੀਂ ਹੋਣੀ ਚਾਹੀਦੀ ਤੇ ਇਸ ਦੇ ਬਲੇਡ ਦੀ ਲੰਬਾਈ 6 ਇੰਚ (15.24 ਸੈਂਟੀਮੀਟਰ) ਤੋਂ ਵੱਧ ਨਹੀਂ ਹੋਣੀ ਚਾਹੀਦੀ। ਅਜਿਹੇ ਉਮੀਦਵਾਰਾਂ ਨੂੰ ਨਿਰਧਾਰਤ ਸਮੇਂ ਤੋਂ ਘੱਟੋ-ਘੱਟ ਇੱਕ ਘੰਟਾ ਪਹਿਲਾਂ ਪ੍ਰੀਖਿਆ ਕੇਂਦਰ ਵਿੱਚ ਰਿਪੋਰਟ ਕਰਨ ਦੀ ਸਲਾਹ ਦਿੱਤੀ ਗਈ ਹੈ।