ਵਿੱਤੀ ਧੋਖਾਧੜੀ ਦੇ ਮਾਮਲਾ: Sidhu Moosewala ਦੇ ਮਾਪਿਆਂ ਨੇ SSP ਦਫ਼ਤਰ ਅੱਗੇ ਲਾਇਆ ਧਰਨਾ ਕੀਤਾ ਸਮਾਪਤ
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ, ਬਲਕੌਰ ਸਿੰਘ ਅਤੇ ਚਰਨ ਕੌਰ ਨੇ ਮਾਨਸਾ ਦੇ ਐਸ.ਐਸ.ਪੀ (SSP) ਦਫ਼ਤਰ ਦੇ ਬਾਹਰ ਧਰਨਾ ਲਗਾ ਕੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਆਪਣਾ ਗੁੱਸਾ ਜ਼ਾਹਰ ਕੀਤਾ। ਹਾਲਾਂਕਿ DIG ਦੇ ਭਰੋਸੇ ਮਗਰੋਂ ਮਾਪਿਆਂ ਨੇ ਇਹ ਧਰਨਾ ਸਮਾਪਤ ਕਰ ਦਿੱਤਾ।
ਇਸ ਤੋਂ ਪਹਿਲਾ ਬਲਕੌਰ ਸਿੰਘ ਨੇ ਆਪਣੇ ਛੋਟੇ ਪੁੱਤਰ ਨੂੰ ਨਾਲ ਲੈ ਕੇ ਦਫ਼ਤਰ ਦੇ ਬਾਹਰ ਫਰਸ਼ ’ਤੇ ਬੈਠ ਕੇ ਰੋਸ ਪ੍ਰਗਟਾਇਆ। ਉਨ੍ਹਾਂ ਇਲਜ਼ਾਮ ਲਾਇਆ ਕਿ ਸਿੱਧੂ ਵੱਲੋਂ ਬਣਾਈਆਂ ਗਈਆਂ ਕੰਪਨੀਆਂ ਦੇ ਪ੍ਰਬੰਧਕ ਉਸ ਦੀ ਕਮਾਈ ਦੇ ਪੈਸੇ ਨਹੀਂ ਦੇ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਜੂਨ 2025 ਵਿੱਚ ਡੀ.ਜੀ.ਪੀ (DGP) ਨੂੰ ਦਰਖਾਸਤ ਦਿੱਤੀ ਸੀ, ਜੋ ਕਿ ਮਾਨਸਾ ਪੁਲੀਸ ਕੋਲ ਪਹੁੰਚੀ ਸੀ ਪਰ 6 ਮਹੀਨੇ ਬੀਤ ਜਾਣ ਦੇ ਬਾਵਜੂਦ ਪੁਲੀਸ ਨੇ ਫਾਈਲ ਨੂੰ ਹੱਥ ਤੱਕ ਨਹੀਂ ਲਗਾਇਆ।
ਧਰਨੇ ਦੌਰਾਨ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਅਤੇ ਪੁਲੀਸ ‘ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪੁੱਤਰ ਦੇ ਕਤਲ ਦਾ ਇਨਸਾਫ਼ ਲੈਣ ਲਈ ਭਟਕਣਾ ਪਿਆ ਅਤੇ ਹੁਣ ਉਸਦੀ ਮਿਹਨਤ ਦੀ ਕਮਾਈ ਵਾਪਸ ਲੈਣ ਲਈ ਧੱਕੇ ਖਾਣੇ ਪੈ ਰਹੇ ਹਨ। ਉਨ੍ਹਾਂ ਕਿਹਾ ਕਿ ਸਾਰੇ ਦਸਤਾਵੇਜ਼ ਸੌਂਪਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋ ਰਹੀ। ਇਸ ਮੌਕੇ ਮੌਜੂਦ ਡੀ.ਆਈ.ਜੀ (DIG) ਬਠਿੰਡਾ ਰੇਂਜ ਹਰਜੀਤ ਸਿੰਘ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਜਲਦੀ ਕਾਰਵਾਈ ਕਰਨ ਦਾ ਪੂਰਾ ਭਰੋਸਾ ਦਿੱਤਾ। ਇਸ ਭਰੋਸੇ ਤੋਂ ਬਾਅਦ ਹੀ ਉਨ੍ਹਾਂ ਨੇ ਆਪਣਾ ਧਰਨਾ ਸਮਾਪਤ ਕੀਤਾ।