ਭਾਰਤੀ ਸ਼ੇਅਰ ਬਾਜ਼ਾਰ ਚੜ੍ਹਿਆ: ਸੈਂਸੈਕਸ ਅਤੇ ਨਿਫਟੀ ਤੇਜ਼ੀ ਨਾਲ ਖੁੱਲ੍ਹੇ; ਰੁਪਿਆ ਵੀ ਹੋਇਆ ਮਜ਼ਬੂਤ
Indian Stock Market: ਵਿਸ਼ਵਵਿਆਪੀ ਬਾਜ਼ਾਰਾਂ ਵਿੱਚ ਤੇਜ਼ੀ ਅਤੇ ਵਿਦੇਸ਼ੀ ਨਿਵੇਸ਼ ਵਿੱਚ ਵਾਧੇ ਦੇ ਚਲਦਿਆਂ, ਲਗਾਤਾਰ ਚਾਰ ਦਿਨਾਂ ਦੀ ਗਿਰਾਵਟ ਤੋਂ ਬਾਅਦ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ ਵਿੱਚ ਰੌਣਕ ਪਰਤ ਆਈ। ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ ਅਤੇ ਨਿਫਟੀ ਦੋਵਾਂ ਵਿੱਚ ਵੱਡੀ ਬੜ੍ਹਤ ਦਰਜ ਕੀਤੀ ਗਈ।
ਬੀ.ਐੱਸ.ਈ. (BSE) ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 448.27 ਅੰਕ ਚੜ੍ਹ ਕੇ 84,930.08 ’ਤੇ ਪਹੁੰਚ ਗਿਆ, ਜਦਕਿ ਐੱਨ.ਐੱਸ.ਈ. (NSE) ਨਿਫਟੀ 131 ਅੰਕਾਂ ਦੀ ਤੇਜ਼ੀ ਨਾਲ 25,946.55 ’ਤੇ ਕਾਰੋਬਾਰ ਕਰਦਾ ਦੇਖਿਆ ਗਿਆ। ਸੈਂਸੈਕਸ ਦੀਆਂ ਸਾਰੀਆਂ ਪ੍ਰਮੁੱਖ 30 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ (ਵਾਧੇ) ਵਿੱਚ ਰਹੇ।
ਟਾਟਾ ਮੋਟਰਜ਼, ਰਿਲਾਇੰਸ ਇੰਡਸਟਰੀਜ਼, ਭਾਰਤ ਇਲੈਕਟ੍ਰਾਨਿਕਸ, ਬਜਾਜ ਫਾਈਨਾਂਸ, ਇੰਫੋਸਿਸ ਅਤੇ ਟੀ.ਸੀ.ਐੱਸ. ਦੇ ਸ਼ੇਅਰਾਂ ਵਿੱਚ ਸਭ ਤੋਂ ਵੱਧ ਉਛਾਲ ਦੇਖਿਆ ਗਿਆ। ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਅਤੇ ਹਾਂਗਕਾਂਗ ਦੇ ਬਾਜ਼ਾਰਾਂ ਵਿੱਚ ਵੀ ਸਕਾਰਾਤਮਕ ਰੁਝਾਨ ਰਿਹਾ।
ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FII) ਨੇ ਵੀਰਵਾਰ ਨੂੰ 595.78 ਕਰੋੜ ਰੁਪਏ ਦੀ ਖਰੀਦਦਾਰੀ ਕੀਤੀ, ਜਦਕਿ ਘਰੇਲੂ ਨਿਵੇਸ਼ਕਾਂ (DII) ਨੇ 2,700.36 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਕੌਮਾਂਤਰੀ ਬਾਜ਼ਾਰ ਵਿੱਚ ਬ੍ਰੈਂਟ ਕਰੂਡ ਤੇਲ ਦੀ ਕੀਮਤ 0.23 ਫੀਸਦੀ ਦੀ ਗਿਰਾਵਟ ਨਾਲ 59.68 ਡਾਲਰ ਪ੍ਰਤੀ ਬੈਰਲ ਰਹੀ।
ਰੁਪਇਆ 24 ਪੈਸੇ ਮਜ਼ਬੂਤ ਹੋ ਕੇ 89.96 ਤੇ ਪਹੁੰਚਿਆਸ਼ੇਅਰ ਬਾਜ਼ਾਰ ਦੇ ਨਾਲ-ਨਾਲ ਭਾਰਤੀ ਰੁਪਏ ਵਿੱਚ ਵੀ ਮਜ਼ਬੂਤੀ ਦੇਖਣ ਨੂੰ ਮਿਲੀ। ਸ਼ੁੱਕਰਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਿਆ 24 ਪੈਸੇ ਮਜ਼ਬੂਤ ਹੋ ਕੇ 89.96 ’ਤੇ ਪਹੁੰਚ ਗਿਆ। ਮਾਹਿਰਾਂ ਅਨੁਸਾਰ, ਭਾਰਤੀ ਰਿਜ਼ਰਵ ਬੈਂਕ (RBI) ਦੇ ਸੰਭਾਵਿਤ ਦਖਲ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਸਥਿਰਤਾ ਕਾਰਨ ਰੁਪਏ ਨੂੰ ਬਲ ਮਿਲਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਰੁਪਿਆ 90.20 ’ਤੇ ਬੰਦ ਹੋਇਆ ਸੀ, ਪਰ ਅੱਜ ਇਹ 90.19 ’ਤੇ ਖੁੱਲ੍ਹਣ ਤੋਂ ਬਾਅਦ ਹੋਰ ਮਜ਼ਬੂਤ ਹੋ ਗਿਆ। ਇਸ ਦੌਰਾਨ ਛੇ ਪ੍ਰਮੁੱਖ ਮੁਦਰਾਵਾਂ ਦੇ ਮੁਕਾਬਲੇ ਡਾਲਰ ਦੀ ਸਥਿਤੀ ਨੂੰ ਦਰਸਾਉਣ ਵਾਲਾ ’ਡਾਲਰ ਇੰਡੈਕਸ’ 98.46 ’ਤੇ ਰਿਹਾ।