ਭਾਰਤ ’ਚ ਟੋਲ ਅਦਾਇਗੀ ਲਈ ਏਆਈ ਤਕਨੀਕ; 80 ਦੀ ਸਪੀਡ ’ਤੇ ਲੰਘਦਿਆਂ ਕੱਟਿਆ ਜਾਵੇਗਾ ਟੋਲ
ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬੁੱਧਵਾਰ ਨੂੰ ਰਾਜ ਸਭਾ ਵਿੱਚ ਜਾਣਕਾਰੀ ਦਿੱਤੀ ਕਿ ਮਲਟੀ-ਲੇਨ ਫ੍ਰੀ ਫਲੋ (MLFF) ਟੋਲ ਪ੍ਰਣਾਲੀ ਅਤੇ AI-ਅਧਾਰਤ ਹਾਈਵੇਅ ਪ੍ਰਬੰਧਨ ਦਾ ਕੰਮ 2026 ਦੇ ਅੰਤ ਤੱਕ ਦੇਸ਼ ਭਰ ਵਿੱਚ ਮੁਕੰਮਲ ਕਰ ਲਿਆ ਜਾਵੇਗਾ। ਇਨ੍ਹਾਂ ਤਕਨੀਕਾਂ ਦੇ ਲਾਗੂ ਹੋਣ ਤੋਂ ਬਾਅਦ, ਟੋਲ ਪਲਾਜ਼ਿਆਂ ‘ਤੇ ਵਾਹਨ ਚਾਲਕਾਂ ਨੂੰ ਉਡੀਕ ਨਹੀਂ ਕਰਨੀ ਪਵੇਗੀ। ਪ੍ਰਸ਼ਨ ਕਾਲ ਦੌਰਾਨ ਸਵਾਲਾਂ ਦਾ ਜਵਾਬ ਦਿੰਦਿਆਂ ਸੜਕੀ ਆਵਾਜਾਈ ਮੰਤਰੀ ਨੇ ਕਿਹਾ ਕਿ ਇਹ ਨਵੀਂ ਤਕਨੀਕ ਆਰਟੀਫੀਸ਼ੀਅਲ ਇੰਟੈਲੀਜੈਂਸ (AI) ‘ਤੇ ਅਧਾਰਤ ਹੋਵੇਗੀ, ਜਿਸ ਨਾਲ 1,500 ਕਰੋੜ ਰੁਪਏ ਦੇ ਤੇਲ ਦੀ ਬਚਤ ਹੋਵੇਗੀ ਅਤੇ ਸਰਕਾਰੀ ਮਾਲੀਏ ਵਿੱਚ 6,000 ਕਰੋੜ ਰੁਪਏ ਦਾ ਵਾਧਾ ਹੋਵੇਗਾ।
ਗਡਕਰੀ ਨੇ ਸਦਨ ਵਿੱਚ ਕਿਹਾ, ‘‘ਮਲਟੀ-ਲੇਨ ਫ੍ਰੀ ਫਲੋ ਟੋਲ (MLFF) ਇੱਕ ਬਹੁਤ ਵਧੀਆ ਸਹੂਲਤ ਹੈ। ਪਹਿਲਾਂ ਟੋਲ ਭਰਨ ਲਈ 3 ਤੋਂ 10 ਮਿੰਟ ਲੱਗਦੇ ਸਨ, ਫਿਰ ਫਾਸਟੈਗ (FastTag) ਕਾਰਨ ਇਹ ਸਮਾਂ ਘਟ ਕੇ 60 ਸੈਕਿੰਡ ਜਾਂ ਉਸ ਤੋਂ ਵੀ ਘੱਟ ਰਹਿ ਗਿਆ, ਜਿਸ ਨਾਲ ਸਾਡੀ ਆਮਦਨ ਵਿੱਚ ਘੱਟੋ-ਘੱਟ 5,000 ਕਰੋੜ ਰੁਪਏ ਦਾ ਵਾਧਾ ਹੋਇਆ। ਹੁਣ ਫਾਸਟੈਗ ਦੀ ਜਗ੍ਹਾ MLFF ਆਉਣ ਤੋਂ ਬਾਅਦ ਕਾਰਾਂ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਟੋਲ ਪਾਰ ਕਰ ਸਕਣਗੀਆਂ ਅਤੇ ਕਿਸੇ ਨੂੰ ਵੀ ਰੋਕਿਆ ਨਹੀਂ ਜਾਵੇਗਾ।’’
ਉਨ੍ਹਾਂ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਉਡੀਕ ਸਮੇਂ ਨੂੰ ‘ਜ਼ੀਰੋ ਮਿੰਟ’ ਕਰਨ ਦੀ ਹੈ ਜਿਸ ਵਿੱਚ ਸੈਟੇਲਾਈਟ, AI ਅਤੇ ਫਾਸਟੈਗ ਰਾਹੀਂ ਨੰਬਰ ਪਲੇਟ ਦੀ ਪਛਾਣ ਕੀਤੀ ਜਾਵੇਗੀ।