India latest news

ਬੀਐੱਮਡਬਲਿਊ ਦੀ ਟੱਕਰ ਨਾਲ ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਮੌਤ; ਮਹਿਲਾ ਚਾਲਕ ਗ੍ਰਿਫ਼ਤਾਰ, ਗੈਰ-ਇਰਾਦਤ ਹੱਤਿਆ ਦਾ ਕੇਸ ਦਰਜ

ਬੀਐੱਮਡਬਲਿਊ ਦੀ ਟੱਕਰ ਨਾਲ ਵਿੱਤ ਮੰਤਰਾਲੇ ਦੇ ਅਧਿਕਾਰੀ ਦੀ ਮੌਤ; ਮਹਿਲਾ ਚਾਲਕ ਗ੍ਰਿਫ਼ਤਾਰ, ਗੈਰ-ਇਰਾਦਤ ਹੱਤਿਆ ਦਾ ਕੇਸ ਦਰਜ
  • PublishedSeptember 15, 2025

ਦੱਖਣੀ ਪੱਛਮੀ ਦਿੱਲੀ ਵਿਚ ਐਤਵਾਰ ਨੂੰ ਕੇਂਦਰੀ ਵਿੱਤ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨਵਜੋਤ ਸਿੰਘ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦੀ ਪਤਨੀ ਸੰਦੀਪ ਕੌਰ ਗੰਭੀਰ ਜ਼ਖ਼ਮੀ ਹੈ। ਨਵਜੋਤ ਸਿੰਘ ਤੇ ਉਨ੍ਹਾਂ ਦੀ ਪਤਨੀ ਮੋਟਰਸਾਈਕਲ ’ਤੇ ਸਵਾਰ ਸਨ ਜਦੋਂ ਇਕ BMW ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ। ਇਹ ਜੋੜਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਘਰ ਵਾਪਸ ਆ ਰਿਹਾ ਸੀ ਜਦੋਂ ਧੌਲਾ ਕੁਆਂ ਮੈਟਰੋ ਸਟੇਸ਼ਨ ਨੇੜੇ ਇਹ ਹਾਦਸਾ ਵਾਪਰਿਆ। ਇਸ ਦੌਰਾਨ ਦਿੱਲੀ ਪੁਲੀਸ ਨੇ ਸੋਮਵਾਰ ਦੁਪਹਿਰੇ ਮੁਲਜ਼ਮ ਗਗਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗਗਨਪ੍ਰੀਤ ਕੌਰ ਕਥਿਤ ਤੌਰ ’ਤੇ ਉਸ BMW ਕਾਰ ਨੂੰ ਚਲਾ ਰਹੀ ਸੀ, ਜਿਸ ਬਾਈਕ ਸਵਾਰ ਨਵਜੋਤ ਸਿੰਘ ਤੇ ਉਸ ਦੀ ਪਤਨੀ ਨੂੰ ਟੱਕਰ ਮਾਰੀ ਸੀ। ਗਗਨਪ੍ਰੀਤ, ਜਿਸ ਨੂੰ ਹਾਦਸੇ ਵਿੱਚ ਮਾਮੂਲੀ ਸੱਟਾਂ ਵੀ ਲੱਗੀਆਂ ਸਨ, ਨੂੰ ਉੱਤਰੀ ਦਿੱਲੀ ਦੇ ਮੁਖਰਜੀ ਨਗਰ ਦੇ Nulife ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਛੁੱਟੀ ਮਿਲਣ ਤੋਂ ਬਾਅਦ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਪੁਲੀਸ ਉਸ ਖਿਲਾਫ਼ ਗੈਰ-ਇਰਾਦਤਨ ਕਤਲ ਦਾ ਕੇਸ ਪਹਿਲਾਂ ਹੀ ਦਰਜ ਕਰ ਚੁੱਕੀ ਹੈ

 

ਨਵਜੋਤ ਸਿੰਘ, ਜੋ ਹਰੀ ਨਗਰ ਦੇ ਵਸਨੀਕ ਸਨ, ਵਿੱਤ ਮੰਤਰਾਲੇ ਦੇ ਆਰਥਿਕ ਮਾਮਲਿਆਂ ਬਾਰੇ ਵਿਭਾਗ ਵਿੱਚ ਡਿਪਟੀ ਸੈਕਟਰੀ ਸਨ। ਇਸ ਦੌਰਾਨ ਇਸ ਜੋੜੇ ਦੇ ਪੁੱਤ ਨਵਨੂਰ ਸਿੰਘ ਨੇ ਹਾਦਸੇ ਮਗਰੋਂ ਉਸ ਦੇ ਜ਼ਖ਼ਮੀ ਮਾਪਿਆਂ ਨੂੰ  22 ਕਿਲੋਮੀਟਰ ਦੂਰ ਹਸਪਤਾਲ ਵਿਚ ਦਾਖਲ ਕਰਵਾਉਣ ’ਤੇ ਸਵਾਲ ਉਠਾਏ ਹਨ। ਸਿੰਘ ਨੇ ਦਾਅਵਾ ਕੀਤਾ ਕਿ ਉਸ ਦੇ ਮਾਪਿਆਂ ਨੂੰ ਜਿਸ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਉਹ ਬੀਐੱਮਡਬਲਿਊ ਚਲਾ ਰਹੀ ਮਹਿਲਾ ਦਾ ਹੈ।

ਨਵਨੂਰ ਸਿੰਘ ਨੇ ਕਿਹਾ ਕਿ ਉਸ ਦੇ ਪਿਤਾ ਦੀ ਜਾਨ ਬਚਾਈ ਜਾ ਸਕਦੀ ਸੀ ਜੇਕਰ ਉਸ ਨੂੰ 20 ਕਿਲੋਮੀਟਰ ਦੂਰ ਕਿਸੇ ਹਸਪਤਾਲ, ਜਿੱਥੇ ਇਲਾਜ ਲਈ ਕੋਈ ਢੁੱਕਵੀਂ ਸਹੂਲਤ ਨਹੀਂ ਸੀ, ਦੀ ਬਜਾਏ ਹਾਦਸੇ ਵਾਲੀ ਥਾਂ ਨੇੜਲੇ ਹਸਪਤਾਲ ਲਿਜਾਇਆ ਜਾਂਦਾ। ਨਵਨੂਰ ਸਿੰਘ ਨੇ ਖ਼ਬਰ ਏਐੱਨਆਈ ਨੂੰ ਦੱਸਿਆ, ‘‘ਮੈਨੂੰ ਇੱਕ ਪਰਿਵਾਰਕ ਦੋਸਤ ਦਾ ਫ਼ੋਨ ਆਇਆ ਜਿਸ ਨੇ ਮੈਨੂੰ ਹਾਦਸੇ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਮੇਰੇ ਮਾਤਾ-ਪਿਤਾ ਜੀਟੀਬੀ ਨਗਰ ਦੇ ਨਿਊ ਲਾਈਫ਼ ਹਸਪਤਾਲ ਵਿੱਚ ਦਾਖਲ ਹਨ।’’