latest news Punjab

ਪੰਜਾਬ ਵਿਧਾਨ ਸਭਾ ਚੋਣਾਂ 2027: ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜੇਗੀ ਭਾਜਪਾ: ਤਰੁਣ ਚੁੱਘ

ਪੰਜਾਬ ਵਿਧਾਨ ਸਭਾ ਚੋਣਾਂ 2027: ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਚੋਣ ਲੜੇਗੀ ਭਾਜਪਾ: ਤਰੁਣ ਚੁੱਘ
  • PublishedJanuary 4, 2026

ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਨੰਗਲ ਵਿਖੇ ਇੱਕ ਸਮਾਗਮ ਦੌਰਾਨ ਵੱਡਾ ਐਲਾਨ ਕਰਦਿਆਂ ਕਿਹਾ ਹੈ ਕਿ ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸਾਰੀਆਂ 117 ਸੀਟਾਂ ’ਤੇ ਇਕੱਲਿਆਂ ਹੀ ਚੋਣ ਲੜੇਗੀ।

ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਲਈ ਕੋਈ ਗੱਲਬਾਤ ਨਹੀਂ ਚੱਲ ਰਹੀ ਅਤੇ ਪਾਰਟੀ ਹੇਠਲੇ ਪੱਧਰ ’ਤੇ ਆਪਣੀ ਤਾਕਤ ਵਧਾ ਰਹੀ ਹੈ। ਚੁੱਘ ਨੇ ਦਾਅਵਾ ਕੀਤਾ ਕਿ ਭਾਜਪਾ ਪਹਿਲੀ ਵਾਰ ਪੰਜਾਬ ਵਿੱਚ ਆਪਣੇ ਦਮ ’ਤੇ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਸੁਭਾਸ਼ ਸ਼ਰਮਾ ਨੇ ਵੀ ਮੌਜੂਦਾ ਸਰਕਾਰ ’ਤੇ ਵਿਰੋਧੀਆਂ ਅਤੇ ਪੱਤਰਕਾਰਾਂ ਖ਼ਿਲਾਫ਼ ਝੂਠੇ ਕੇਸ ਦਰਜ ਕਰਕੇ ’ਦਹਿਸ਼ਤ ਦਾ ਰਾਜ’ ਚਲਾਉਣ ਦੇ ਗੰਭੀਰ ਦੋਸ਼ ਲਾਏ।

ਤਰੁਣ ਚੁੱਘ ਨੇ ‘ਆਪ’ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਪਿਛਲੇ ਚਾਰ ਸਾਲਾਂ ਵਿੱਚ ਪੰਜਾਬ ’ਤੇ 1 ਲੱਖ ਕਰੋੜ ਰੁਪਏ ਦਾ ਵਾਧੂ ਕਰਜ਼ਾ ਚੜ੍ਹਾ ਦਿੱਤਾ ਗਿਆ ਹੈ, ਜਿਸ ਨਾਲ ਕੁੱਲ ਕਰਜ਼ਾ 4 ਲੱਖ ਕਰੋੜ ਤੱਕ ਪਹੁੰਚ ਗਿਆ ਹੈ।

ਉਨ੍ਹਾਂ ਦੋਸ਼ ਲਾਇਆ ਕਿ ਸੂਬਾ ਸਰਕਾਰ ਕੇਂਦਰ ਦੀ ਨਵੀਂ ਰੋਜ਼ਗਾਰ ਸਕੀਮ ‘ਜੀ ਰਾਮ ਜੀ’ (G RAM G) ਦਾ ਵਿਰੋਧ ਕਰਕੇ ਗੈਰ-ਜ਼ਰੂਰੀ ਮੁੱਦੇ ਪੈਦਾ ਕਰ ਰਹੀ ਹੈ। ਚੁੱਘ ਅਨੁਸਾਰ ਜਿੱਥੇ ਮਨਰੇਗਾ ਤਹਿਤ ਸਾਲ ਵਿੱਚ ਸਿਰਫ 28 ਦਿਨ ਕੰਮ ਮਿਲਦਾ ਸੀ, ਉੱਥੇ ਕੇਂਦਰ ਦੀ ਨਵੀਂ ਸਕੀਮ 125 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਇਸ ਸਰਕਾਰ ਤੋਂ ਅੱਕ ਚੁੱਕੇ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਬਦਲਾਅ ਲਈ ਤਿਆਰ ਹਨ।