India latest news

ਨਾਈਟ ਕਲੱਬ ਅੱਗ ਕਾਂਡ: ਅਦਾਲਤ ਨੇ ਲੂਥਰਾ ਭਰਾਵਾਂ ਨੂੰ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ

ਨਾਈਟ ਕਲੱਬ ਅੱਗ ਕਾਂਡ: ਅਦਾਲਤ ਨੇ ਲੂਥਰਾ ਭਰਾਵਾਂ ਨੂੰ 5 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ
  • PublishedDecember 17, 2025

ਉੱਤਰੀ ਗੋਆ ਦੀ ਅਦਾਲਤ ਨੇ ਬੁੱਧਵਾਰ ਨੂੰ ‘ਬਿਰਚ ਬਾਈ ਰੋਮੀਓ ਲੇਨ’ (Birch by Romeo Lane) ਨਾਈਟ ਕਲੱਬ ਦੇ ਸਹਿ-ਮਾਲਕਾਂ, ਗੌਰਵ ਅਤੇ ਸੌਰਭ ਲੂਥਰਾ ਨੂੰ ਪੰਜ ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ।

6 ਦਸੰਬਰ ਨੂੰ ਹੋਏ ਅੱਗ ਕਾਂਡ ਵਿੱਚ 25 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਥਾਈਲੈਂਡ ਤੋਂ ਡਿਪੋਰਟ ਕੀਤੇ ਗਏ ਦੋਵਾਂ ਭਰਾਵਾਂ ਨੂੰ ਗੋਆ ਲਿਆਂਦਾ ਗਿਆ ਅਤੇ ਜ਼ਿਲ੍ਹਾ ਹਸਪਤਾਲ ਵਿੱਚ ਦੋ ਵਾਰ ਮੈਡੀਕਲ ਜਾਂਚ ਕਰਵਾਉਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਹਾਦਸੇ ਵਿੱਚ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਗੁਆਉਣ ਵਾਲੀ ਭਾਵਨਾ ਜੋਸ਼ੀ ਦੇ ਵਕੀਲ ਵਿਸ਼ਨੂੰ ਜੋਸ਼ੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਖਰਾਬ ਸਿਹਤ ਦਾ ਹਵਾਲਾ ਦਿੰਦੇ ਹੋਏ ‘ਵਿਸ਼ੇਸ਼ ਰਿਆਇਤਾਂ’ ਦੀ ਮੰਗ ਕੀਤੀ ਸੀ।

ਉਨ੍ਹਾਂ ਨੇ ਲਾਕ-ਅੱਪ ਵਿੱਚ ਵਧੀਆ ਗੱਦੇ (Mattress) ਵਰਗੀਆਂ ਸਹੂਲਤਾਂ ਮੰਗੀਆਂ ਸਨ, ਜਿਸ ਨੂੰ ਅਦਾਲਤ ਨੇ ਸਿਰੇ ਤੋਂ ਨਕਾਰ ਦਿੱਤਾ।

ਵਕੀਲ ਜੋਸ਼ੀ ਨੇ ਕਿਹਾ ਕਿ ਅਦਾਲਤ ਨੇ ਇਸ ਤੱਥ ਦਾ ਨੋਟਿਸ ਲਿਆ ਹੈ ਕਿ ਇਹ 25 ਲੋਕਾਂ ਦੀ ਮੌਤ ਦਾ ਗੰਭੀਰ ਮਾਮਲਾ ਹੈ, ਜੋ ਕਿ ਇੱਕ ਤਰ੍ਹਾਂ ਦੀ ‘ਸਮੂਹਿਕ ਨਸਲਕੁਸ਼ੀ’ ਦੇ ਬਰਾਬਰ ਹੈ। ਮੈਡੀਕਲ ਜਾਂਚ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਮੁਲਜ਼ਮਾਂ ਨੂੰ ਕਿਸੇ ਵਿਸ਼ੇਸ਼ ਰਿਆਇਤ ਦੀ ਲੋੜ ਨਹੀਂ ਹੈ। ਅਰਪੋਰਾ ਪਿੰਡ ਵਿੱਚ ਅੱਗ ਲੱਗਣ ਦੇ ਕੁਝ ਘੰਟਿਆਂ ਬਾਅਦ ਹੀ 7 ਦਸੰਬਰ ਦੀ ਸਵੇਰ ਨੂੰ ਦੋਵੇਂ ਭਰਾ ਫੁਕੇਟ (ਥਾਈਲੈਂਡ) ਭੱਜ ਗਏ ਸਨ। ਇਸ ਤੋਂ ਬਾਅਦ ਭਾਰਤ ਸਰਕਾਰ ਨੇ ਉਨ੍ਹਾਂ ਦੇ ਪਾਸਪੋਰਟ ਰੱਦ ਕਰ ਦਿੱਤੇ ਅਤੇ ਇੰਟਰਪੋਲ ਰਾਹੀਂ ਬਲੂ ਕਾਰਨਰ ਨੋਟਿਸ ਜਾਰੀ ਕਰਵਾਇਆ।

ਥਾਈ ਅਧਿਕਾਰੀਆਂ ਨੇ ਉਨ੍ਹਾਂ ਨੂੰ 11 ਦਸੰਬਰ ਨੂੰ ਹਿਰਾਸਤ ਵਿੱਚ ਲਿਆ ਅਤੇ ਕਾਨੂੰਨੀ ਸੰਧੀਆਂ ਤਹਿਤ ਭਾਰਤ ਵਾਪਸ ਭੇਜ ਦਿੱਤਾ। ਮੰਗਲਵਾਰ ਨੂੰ ਦਿੱਲੀ ਪਹੁੰਚਦੇ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਅੰਜੁਨਾ ਪੁਲੀਸ ਨੇ ਉਨ੍ਹਾਂ ’ਤੇ ਗੈਰ-ਇਰਾਦਾ ਕਤਲ ਸਮੇਤ ਕਈ ਧਾਰਾਵਾਂ ਲਗਾਈਆਂ ਹਨ। ਇਸ ਮਾਮਲੇ ਵਿੱਚ ਪੰਜ ਮੈਨੇਜਰ ਅਤੇ ਸਟਾਫ ਮੈਂਬਰ ਪਹਿਲਾਂ ਹੀ ਜੇਲ੍ਹ ਵਿੱਚ ਹਨ।