World

ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ’ਚ ਗੋਲੀਬਾਰੀ, 2 ਹਲਾਕ

ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ’ਚ ਗੋਲੀਬਾਰੀ, 2 ਹਲਾਕ
  • PublishedDecember 15, 2025

ਬ੍ਰਾਊਨ ਯੂਨੀਵਰਸਿਟੀ ਅੰਦਰ ਸੱਤ ਮੰਜ਼ਿਲਾ ਬਾਰਸ ਐਂਡ ਹੋਲੇਅ ਇਮਾਰਤ ’ਚ ਕਾਲੇ ਕੱਪੜਿਆਂ ’ਚ ਆਏ ਇਕ ਵਿਅਕਤੀ ਵੱਲੋਂ ਚਲਾਈਆਂ ਗੋਲੀਆਂ ਕਾਰਨ ਦੋ ਵਿਅਕਤੀ ਮਾਰੇ ਗਏ; 9 ਹੋਰ ਜ਼ਖ਼ਮੀ ਹੋ ਗਏ। ਯੂਨੀਵਰਸਿਟੀ ਮੁਖੀ ਕ੍ਰਿਸਟੀਨਾ ਪੈਕਸਸਨ ਨੇ ਦੱਸਿਆ ਕਿ 10 ਵਿਦਿਆਰਥੀਆਂ ਨੂੰ ਗੋਲੀਆਂ ਲੱਗੀਆਂ ਹਨ। ਇਕ ਹੋਰ ਵਿਅਕਤੀ ਵੀ ਜ਼ਖ਼ਮੀ ਹੋਇਆ ਹੈ ਪਰ ਇਹ ਨਹੀਂ ਪਤਾ ਲੱਗ ਸਕਿਆ ਕਿ ਉਹ ਵਿਦਿਆਰਥੀ ਹੈ ਜਾਂ ਨਹੀਂ।

ਪ੍ਰੋਵੀਡੈਂਸ ਪੁਲੀਸ ਦੇ ਡਿਪਟੀ ਚੀਫ ਟਿਮੋਥੀ ਓ’ਹਾਰਾ ਨੇ ਕਿਹਾ ਕਿ ਸ਼ੱਕੀ ਨੂੰ ਇੰਜਨੀਅਰਿੰਗ ਇਮਾਰਤ ’ਚੋਂ ਬਾਹਰ ਜਾਂਦੇ ਦੇਖਿਆ ਗਿਆ ਪਰ ਉਸ ਦਾ ਚਿਹਰਾ ਨਜ਼ਰ ਨਹੀਂ ਆਇਆ। ਜਾਂਚਕਾਰ ਇਸ ਗੱਲ ਦਾ ਵੀ ਪਤਾ ਲਗਾ ਰਹੇ ਹਨ ਕਿ ਹਮਲਾਵਰ ਪਹਿਲੀ ਮੰਜ਼ਿਲ ’ਤੇ ਕਲਾਸਰੂਮ ’ਚ ਕਿਵੇਂ ਪਹੁੰਚਿਆ ਜਿਥੇ ਪ੍ਰੀਖਿਆ ਚੱਲ ਰਹੀ ਸੀ।

ਰਾਸ਼ਟਰਪਤੀ ਡੋਨਲਡ ਟਰੰਪ ਨੇ ਘਟਨਾ ’ਤੇ ਅਫ਼ਸੋਸ ਪ੍ਰਗਟ ਕਰਦਿਆਂ ਕਿਹਾ ਕਿ ਪੀੜਤਾਂ ਲਈ ਪ੍ਰਾਰਥਨਾ ਕੀਤੀ ਜਾਵੇ। ਪ੍ਰੋਵੀਡੈਂਸ ਪੁਲੀਸ ਦੇ ਮੁਖੀ ਕਰਨਲ ਆਸਕਰ ਪੇਰੇਜ਼ ਨੇ ਕਿਹਾ ਕਿ ਉਨ੍ਹਾਂ ਇਕ ਵਿਅਕਤੀ ਨੂੰ ਹਿਰਾਸਤ ’ਚ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਗੋਲੀਬਾਰੀ ਦੀ ਘਟਨਾ ’ਚ ਕਿਸੇ ਹੋਰ ਵਿਅਕਤੀ ਦੀ ਭਾਲ ਨਹੀਂ ਕਰ ਰਹੇ ਹਨ। ਉਨ੍ਹਾਂ ਇਹ ਵੀ ਜਾਣਕਾਰੀ ਨਹੀਂ ਦਿੱਤੀ ਕਿ ਵਿਅਕਤੀ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਸੀ ਜਾਂ ਨਹੀਂ। -ਏਪੀ