ਗਾਇਕ ਜ਼ੁਬੀਨ ਗਰਗ ਦੀ ਸਿੰਗਾਪੁਰ ’ਚ ਸਕੂਬਾ ਡਾਈਵਿੰਗ ਹਾਦਸੇ ’ਚ ਮੌਤ

ਪ੍ਰਸਿੱਧ ਅਸਾਮੀ ਗਾਇਕ ਅਤੇ ਸੰਗੀਤਕਾਰ ਜ਼ੁਬੀਨ ਗਰਗ ਦੀ ਸਿੰਗਾਪੁਰ ਵਿੱਚ ਇੱਕ ਦੁਖਦਾਈ ਹਾਦਸੇ ਤੋਂ ਬਾਅਦ ਮੌਤ ਹੋ ਗਈ ਹੈ, ਜਿੱਥੇ ਉਹ ਚੌਥੇ ਉੱਤਰ ਪੂਰਬੀ ਭਾਰਤ ਉਤਸਵ ਵਿੱਚ ਸ਼ਾਮਲ ਹੋਇਆ ਸੀ।
ਸ਼ੁਰੂਆਤੀ ਮੀਡੀਆ ਰਿਪੋਰਟਾਂ ਮੁਤਾਬਕ 52 ਸਾਲਾ ਕਲਾਕਾਰ ਦੀ ਮੌਤ ਸਕੂਬਾ ਡਾਈਵਿੰਗ ਹਾਦਸੇ ’ਚ ਹੋਈ ਦੱਸੀ ਜਾ ਰਹੀ ਹੈ, ਹਾਲਾਂਕਿ ਕੁਝ ਆਊਟਲੈਟਾਂ ਨੇ ਪੈਰਾਗਲਾਈਡਿੰਗ ਹਾਦਸੇ ਦਾ ਜ਼ਿਕਰ ਕੀਤਾ ਹੈ। ਇਹ ਹਾਦਸਾ ਕਥਿਤ ਤੌਰ ’ਤੇ ਸਮੁੰਦਰ ਵਿੱਚ ਇੱਕ ਮਨੋਰੰਜਨ ਗਤੀਵਿਧੀ ਦੌਰਾਨ ਵਾਪਰਿਆ। ਜ਼ੁਬੀਨ ਨੂੰ ਇੱਕ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਕਥਿਤ ਤੌਰ ’ਤੇ ਬਚਾਇਆ ਨਹੀਂ ਜਾ ਸਕਿਆ।
ਜ਼ੁਬੀਨ ਗਰਗ ਨੇ 16 ਸਤੰਬਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਰਾਹੀਂ ਇੱਕ ਵੀਡੀਓ ਸਾਂਝਾ ਕੀਤਾ ਸੀ, ਜਿਸ ਵਿੱਚ ਉਸ ਨੇ ਸਿੰਗਾਪੁਰ ਵਿੱਚ ਉੱਤਰ ਪੂਰਬੀ ਭਾਰਤ ਉਤਸਵ ਵਿੱਚ ਆਪਣੀ ਸ਼ਮੂਲੀਅਤ ਦਾ ਐਲਾਨ ਕੀਤਾ ਸੀ। ਪ੍ਰਸ਼ੰਸਕ ਉਸ ਨੂੰ ਕੌਮਾਂਤਰੀ ਮੰਚ ’ਤੇ ਅਸਾਮੀ ਅਤੇ ਭਾਰਤੀ ਸੱਭਿਆਚਾਰ ਦੀ ਨੁਮਾਇੰਦਗੀ ਕਰਦਿਆਂ ਦੇਖਣ ਲਈ ਉਤਸ਼ਾਹਿਤ ਸਨ।
ਇੱਕ ਬਹੁਪੱਖੀ ਕਲਾਕਾਰ ਜ਼ੁਬੀਨ ਗਰਗ ਫਿਲਮ ਗੈਂਗਸਟਰ (2006) ਤੋਂ ਆਪਣੇ ਬੌਲੀਵੁੱਡ ਹਿੱਟ ‘ਯਾ ਅਲੀ’ ਨਾਲ ਰਾਸ਼ਟਰੀ ਪੱਧਰ ’ਤੇ ਮਕਬੂਲ ਹੋਇਆ ਸੀ, ਜਦੋਂ ਕਿ ਅਸਾਮ ਅਤੇ ਉੱਤਰ-ਪੂਰਬ ਵਿੱਚ ਉਹ ਸੰਗੀਤ, ਸਿਨੇਮਾ ਅਤੇ ਸਰਗਰਮੀ ਵਿੱਚ ਆਪਣੇ ਦਹਾਕਿਆਂ ਦੇ ਯੋਗਦਾਨ ਲਈ ਸੱਭਿਆਚਾਰਕ ਪ੍ਰਤੀਕ ਸੀ।