UP: ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕੱਢਣੀਆਂ ਪਈਆਂ, 9 ਹੋਰਾਂ ਦੀ ਗਈ ਰੌਸ਼ਨੀ
ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਨਿੱਜੀ ਹਸਪਤਾਲ ਦੀ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ, ਜਿੱਥੇ ਮੋਤੀਆਬਿੰਦ ਦੇ ਅਪ੍ਰੇਸ਼ਨ ਤੋਂ ਬਾਅਦ ਇਨਫੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕੱਢਣੀਆਂ ਪਈਆਂ ਅਤੇ 9 ਹੋਰਾਂ ਦੀ ਅੱਖਾਂ ਦੀ ਰੌਸ਼ਨੀ ਚਲੀ ਗਈ। ਇਸ ਘਟਨਾ ਤੋਂ ਬਾਅਦ ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ ਅਤੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਹਿਲੀ ਫਰਵਰੀ ਨੂੰ ਨਿਊ ਰਾਜੇਸ਼ ਹਾਈਟੈਕ ਹਸਪਤਾਲ ਵਿੱਚ ਲਗਾਏ ਗਏ ਇੱਕ ਅੱਖਾਂ ਦੇ ਕੈਂਪ ਦੌਰਾਨ 30 ਮਰੀਜ਼ਾਂ ਦੇ ਅਪ੍ਰੇਸ਼ਨ ਕੀਤੇ ਗਏ ਸਨ।
ਜਾਣਕਾਰੀ ਮੁਤਾਬਕ ਅਪ੍ਰੇਸ਼ਨ ਦੇ 24 ਘੰਟਿਆਂ ਦੇ ਅੰਦਰ ਹੀ ਕਈ ਮਰੀਜ਼ਾਂ ਨੇ ਅੱਖਾਂ ਵਿੱਚ ਤੇਜ਼ ਦਰਦ ਅਤੇ ਪਾਣੀ ਆਉਣ ਦੀ ਸ਼ਿਕਾਇਤ ਕੀਤੀ। ਘੱਟੋ-ਘੱਟ 18 ਮਰੀਜ਼ਾਂ ਨੂੰ ਗੰਭੀਰ ਇਨਫੈਕਸ਼ਨ ਹੋ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ, ਲਖਨਊ ਅਤੇ ਵਾਰਾਣਸੀ ਦੇ ਹਸਪਤਾਲਾਂ ਵਿੱਚ ਰੈਫਰ ਕਰ ਦਿੱਤਾ ਗਿਆ। ਇਨ੍ਹਾਂ ਵਿੱਚੋਂ ਕਈਆਂ ਦੀ ਹਾਲਤ ਇੰਨੀ ਖਰਾਬ ਸੀ ਕਿ ਇਨਫੈਕਸ਼ਨ ਨੂੰ ਹੋਰ ਫੈਲਣ ਤੋਂ ਰੋਕਣ ਲਈ ਡਾਕਟਰਾਂ ਨੂੰ ਉਨ੍ਹਾਂ ਦੀਆਂ ਅੱਖਾਂ ਕੱਢਣੀਆਂ ਪਈਆਂ। ਜ਼ਿਲ੍ਹਾ ਮੈਜਿਸਟਰੇਟ ਦੀਪਕ ਮੀਨਾ ਨੇ ਕਿਹਾ ਹੈ ਕਿ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਹਸਪਤਾਲ ਦੀ ਰਜਿਸਟ੍ਰੇਸ਼ਨ ਰੱਦ ਕੀਤੀ ਜਾਵੇਗੀ। ਮੁੱਖ ਮੈਡੀਕਲ ਅਫ਼ਸਰ ਡਾ. ਰਾਜੇਸ਼ ਝਾਅ ਨੇ ਇਸ ਨੂੰ ਗੰਭੀਰ ਲਾਪ੍ਰਵਾਹੀ ਕਰਾਰ ਦਿੱਤਾ ਹੈ ਅਤੇ ਸਿਹਤ ਵਿਭਾਗ ਦੇ ਟੈਸਟਾਂ ਵਿੱਚ ਬੈਕਟੀਰੀਆ ਦੀ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ।
ਪੀੜਤ ਮਰੀਜ਼ਾਂ ਨੇ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਅਪ੍ਰੇਸ਼ਨ ਤੋਂ ਕੁਝ ਘੰਟੇ ਬਾਅਦ ਹੀ ਛੁੱਟੀ ਦੇ ਦਿੱਤੀ ਗਈ ਸੀ। ਏਮਜ਼ ਦਿੱਲੀ ਵਿੱਚ ਇਲਾਜ ਕਰਵਾ ਰਹੇ ਪਰਦੇਸੀ ਨਾਂ ਦੇ ਮਰੀਜ਼ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਨੂੰ ਕਹਿ ਦਿੱਤਾ ਹੈ ਕਿ ਉਸ ਦੀ ਅੱਖ ਦੀ ਰੌਸ਼ਨੀ ਜਾ ਚੁੱਕੀ ਹੈ। ਇਸੇ ਤਰ੍ਹਾਂ ਗੋਲਾ ਦੀ ਰਹਿਣ ਵਾਲੀ ਸਹਿਵਾਨ ਅਲੀ ਨੇ ਦੱਸਿਆ ਕਿ ਅਪ੍ਰੇਸ਼ਨ ਤੋਂ ਅਗਲੇ ਦਿਨ ਹੀ ਉਸ ਦੀ ਅੱਖ ਵਿੱਚੋਂ ਖੂਨ ਵਗਣ ਲੱਗਾ ਅਤੇ ਦਿੱਲੀ ਵਿੱਚ ਡਾਕਟਰਾਂ ਨੂੰ ਉਸ ਦੀ ਇੱਕ ਅੱਖ ਕੱਢਣੀ ਪਈ। ਇੱਕ ਹੋਰ ਪੀੜਤ ਸ਼ੰਕਰਾਵਤੀ ਨੇ ਡਰ ਜ਼ਾਹਰ ਕੀਤਾ ਕਿ ਉਸ ਦੀ ਦੂਜੀ ਅੱਖ ਵਿੱਚ ਵੀ ਇਨਫੈਕਸ਼ਨ ਨਾ ਫੈਲ ਜਾਵੇ।