Techie’s death: ਯੋਗੀ ਸਰਕਾਰ ਦਾ ਵੱਡਾ ਐਕਸ਼ਨ: CEO ਲੋਕੇਸ਼ ਐੱਮ. ਮੁਅੱਤਲ
ਗ੍ਰੇਟਰ ਨੋਇਡਾ ਵਿੱਚ 27 ਸਾਲਾ ਨੌਜਵਾਨ ਯੁਵਰਾਜ ਮਹਿਤਾ ਦੀ ਸੜਕ ਹਾਦਸੇ ਵਿੱਚ ਹੋਈ ਦਰਦਨਾਕ ਮੌਤ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕਰਦਿਆਂ ਨੋਇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਅਤੇ ਨੋਇਡਾ ਮੈਟਰੋ ਦੇ MD ਐੱਮ. ਲੋਕੇਸ਼ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ।
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਏ.ਡੀ.ਜੀ ਮੇਰਠ ਜ਼ੋਨ ਦੀ ਅਗਵਾਈ ਹੇਠ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜਿਸ ਨੂੰ ਪੰਜ ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਹਾਦਸਾ 16-17 ਜਨਵਰੀ ਦੀ ਰਾਤ ਨੂੰ ਵਾਪਰਿਆ ਸੀ, ਜਦੋਂ ਇੱਕ ਕਾਰ ਸੈਕਟਰ 150 ਦੇ ਚੌਕ ਨੇੜੇ ਇੱਕ ਡੂੰਘੇ ਨਾਲੇ ਵਿੱਚ ਜਾ ਡਿੱਗੀ ਸੀ।
ਪੋਸਟਮਾਰਟਮ ਰਿਪੋਰਟ ਮੁਤਾਬਕ ਯੁਵਰਾਜ ਦੀ ਮੌਤ ਨਾਲੇ ਦੇ ਪਾਣੀ ਵਿੱਚ ਡੁੱਬਣ ਕਾਰਨ ਦਮ ਘੁੱਟਣ ਅਤੇ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਮ੍ਰਿਤਕ ਦੇ ਪਿਤਾ ਰਾਜਕੁਮਾਰ ਮਹਿਤਾ ਨੇ ਪ੍ਰਸ਼ਾਸਨ ’ਤੇ ਗੰਭੀਰ ਲਾਪਰਵਾਹੀ ਦੇ ਦੋਸ਼ ਲਾਉਂਦਿਆਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਲਗਭਗ ਦੋ ਘੰਟੇ ਪਾਣੀ ਵਿੱਚ ਜ਼ਿੰਦਗੀ ਅਤੇ ਮੌਤ ਦੀ ਜੰਗ ਲੜਦਾ ਰਿਹਾ ਅਤੇ ਮਦਦ ਲਈ ਚੀਕਦਾ ਰਿਹਾ, ਪਰ ਮੌਕੇ ’ਤੇ ਮੌਜੂਦ ਲੋਕ ਵੀਡੀਓ ਬਣਾਉਂਦੇ ਰਹੇ।
ਉਨ੍ਹਾਂ ਇਲਜ਼ਾਮ ਲਾਇਆ ਕਿ ਪ੍ਰਸ਼ਾਸਨ ਕੋਲ ਬਚਾਅ ਲਈ ਗੋਤਾਖੋਰਾਂ ਅਤੇ ਲੋੜੀਂਦੇ ਸਾਜ਼ੋ-ਸਾਮਾਨ ਦੀ ਘਾਟ ਸੀ, ਜਿਸ ਕਾਰਨ ਸਮੇਂ ਸਿਰ ਮਦਦ ਨਾ ਮਿਲਣ ਕਰਕੇ ਯੁਵਰਾਜ ਦੀ ਜਾਨ ਚਲੀ ਗਈ। ਫਿਲਹਾਲ ਪੁਲੀਸ ਅਤੇ NDRF ਦੀਆਂ ਟੀਮਾਂ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਹਨ।