ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਸੋਮਵਾਰ ਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਲੰਗਰ ਹਾਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਤਖ਼ਤ ਸ੍ਰੀ ਪਟਨਾ ਸਾਹਿਬ ਦੇ ਲੰਗਰ ਹਾਲ ਵਿੱਚ ਆਰਡੀਐਕਸ ਮੌਜੂਦ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ ਹੈ।
ਦੱਸ ਦਈਏ ਕਿ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਲੰਗਰ ਹਾਲ ਵਿੱਚ ਬੰਬ ਰੱਖੇ ਜਾਣ ਦੀ ਖਬਰ ਮਿਲਣ ਨਾਲ ਗੁਰਦੁਆਰੇ ਦੇ ਅੰਦਰ ਭਗਦੜ ਦਾ ਮਾਹੌਲ ਬਣ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਤਖ਼ਤ ਦੇ ਅਧਿਕਾਰਕ ਈਮੇਲ ’ਤੇ ਸੁਨੇਹਾ ਭੇਜਿਆ ਗਿਆ ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਲੰਗਰ ਹਾਲ ਵਿੱਚ ਚਾਰ ਆਰਡੀਐਕਸ ਰੱਖੇ ਹੋਏ ਹਨ।
ਈਮੇਲ ਵਿੱਚ ਲਿਖਿਆ ਗਿਆ ਸੀ ਕਿ ਧਮਾਕੇ ਤੋਂ ਪਹਿਲਾਂ ਵੀ.ਵੀ.ਆਈ.ਪੀ. ਅਤੇ ਸਟਾਫ਼ ਨੂੰ ਤੁਰੰਤ ਬਾਹਰ ਕੱਢਿਆ ਜਾਵੇ। ਸੁਨੇਹੇ ਵਿੱਚ “ਪਾਕਿਸਤਾਨ ਜ਼ਿੰਦਾਬਾਦ” ਅਤੇ “ਆਈ.ਐਸ.ਆਈ. ਜ਼ਿੰਦਾਬਾਦ” ਵਰਗੇ ਨਾਅਰੇ ਵੀ ਲਿਖੇ ਗਏ ਸਨ, ਜਿਸ ਕਰਕੇ ਮਾਮਲਾ ਹੋਰ ਗੰਭੀਰ ਬਣ ਗਿਆ। ਤੁਰੰਤ ਹੀ ਗੁਰਦੁਆਰਾ ਕਮੇਟੀ ਵੱਲੋਂ ਇਹ ਜਾਣਕਾਰੀ ਪਟਨਾ ਐੱਸ.ਐੱਸ.ਪੀ. ਨੂੰ ਦਿੱਤੀ ਗਈ।
ਖ਼ਬਰ ਮਿਲਦੇ ਹੀ ਪੁਲਿਸ ਦੀ ਟੀਮ ਨੇ ਗੁਰਦੁਆਰੇ ਵਿੱਚ ਪਹੁੰਚ ਕੇ ਪੂਰੀ ਤਲਾਸ਼ੀ ਮੁਹਿੰਮ ਚਲਾਈ। ਲੰਗਰ ਹਾਲ ਸਮੇਤ ਹਰ ਕੋਨੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ, ਪਰ ਕਿਸੇ ਵੀ ਕਿਸਮ ਦਾ ਧਮਾਕਾਖ਼ੇਜ਼ ਸਮਾਨ ਨਹੀਂ ਮਿਲਿਆ। ਇਸ ਤੋਂ ਬਾਅਦ ਲੋਕਾਂ ਨੇ ਰਾਹਤ ਦਾ ਸਾਹ ਲਿਆ।
ਪਟਨਾ ਪੁਲਿਸ ਨੇ ਸਾਈਬਰ ਸੈਲ ਨੂੰ ਵੀ ਜਾਂਚ ਲਈ ਜੋੜ ਦਿੱਤਾ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਈਮੇਲ ਕਿਸ ਨੇ ਤੇ ਕਿੱਥੋਂ ਭੇਜੀ ਹੈ।