T20 Asia Cup 2025: ਭਾਰਤ-ਪਾਕਿ ਮੈਚ: ਭਾਰਤ ਨੇ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾਇਆ

T20 Asia Cup 2025: ਭਾਰਤ ਨੇ ਏਸ਼ੀਆ ਕੱਪ ਦੇ ਹਾਈ ਵੋਲਟੇਜ ਮੈਚ ਵਿਚ ਅੱਜ ਪਾਕਿਸਤਾਨ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ। ਪਾਕਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਿਤ ਵੀਹ ਓਵਰਾਂ ਵਿਚ ਨੌਂ ਵਿਕਟਾਂ ਦੇ ਨੁਕਸਾਨ ਨਾਲ 127 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਭਾਰਤ ਨੇ ਜੇਤੂ ਟੀਚਾ 15.5 ਓਵਰਾਂ ਵਿਚ ਤਿੰਨ ਵਿਕਟਾਂ ਦੇ ਨੁਕਸਾਨ ਨਾਲ ਹੀ ਹਾਸਲ ਕਰ ਲਿਆ। ਭਾਰਤ ਵਲੋਂ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਕਪਤਾਨੀ ਪਾਰੀ ਖੇਡੀ । ਭਾਰਤ ਵਲੋਂ ਸੂਰਿਆ ਕੁਮਾਰ ਯਾਦਵ ਨੇ 47 ਦੌੜਾਂ ਤੇ ਸ਼ਿਵਮ ਦੂਬੇ ਨੇ 10 ਦੌੜਾਂ ਬਣਾਈਆਂ ਤੇ ਦੋਵੇਂ ਨਾਬਾਦ ਰਹੇ।
ਇਸ ਤੋਂ ਪਹਿਲਾਂ ਪਾਕਿਸਤਾਨ ਸ਼ੁਰੂਆਤ ਖਰਾਬ ਰਹੀ ਤੇ ਪਹਿਲੀ ਗੇਂਦ ’ਤੇ ਪਹਿਲੀ ਵਿਕਟ ਡਿੱਗੀ। ਭਾਰਤੀ ਗੇਂਦਬਾਜ਼ ਹਾਰਦਿਕ ਪਾਂਡਿਆ ਦੀ ਪਹਿਲੀ ਗੇਂਦ ਵਾਈਡ ਰਹੀ ਤੇ ਉਸ ਦੀ ਆਪਣੀ ਪਹਿਲੀ ਗੇਂਦ ’ਤੇ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਸਈਅਮ ਅਯੂਬ ਨੂੰ ਜਸਪ੍ਰੀਤ ਬੁਮਰਾਹ ਹੱਥੋਂ ਕੈਚ ਆਊਟ ਕਰਵਾਇਆ। ਇਸ ਤੋਂ ਬਾਅਦ ਪਾਕਿਸਤਾਨ ਦੀ ਦੂਜੀ ਵਿਕਟ ਵੀ ਡਿੱਗ ਗਈ ਹੈ। ਪਾਕਿਸਤਾਨ ਦੇ ਵਿਕਟਕੀਪਰ ਤੇ ਬੱਲੇਬਾਜ਼ ਮੁਹੰਮਦ ਹੈਰਿਸ ਨੂੰ ਜਸਪ੍ਰੀਤ ਬੁਮਰਾਹ ਦੀ ਗੇਂਦ ’ਤੇ ਹਾਰਦਿਕ ਨੇ ਕੈਚ ਕੀਤਾ। ਪਾਕਿਸਤਾਨ ਦੀ ਤੀਜੀ ਵਿਕਟ ਫਖਰ ਜ਼ਮਾਨ ਵਜੋਂ ਡਿੱਗੀ। ਭਾਰਤੀ ਗੇਂਦਬਾਜ਼ ਅਕਸ਼ਰ ਪਟੇਲ ਨੇ ਕਰੀਜ਼ ‘ਤੇ ਟਿਕੇ ਹੋਏ ਫਖਰ ਜ਼ਮਾਨ ਨੂੰ ਆਊਟ ਕੀਤਾ। ਉਸ ਨੂੰ ਅਕਸ਼ਰ ਦੀ ਗੇਂਦ ’ਤੇ ਤਿਲਕ ਵਰਮਾ ਨੇ ਕੈਚ ਆਊਟ ਕੀਤਾ।ਮੈਚ ਦੀ ਸ਼ੁਰੂਆਤ ਵੇਲੇ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਇਹ ਮੁਕਾਬਲਾ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡਿਆ ਗਿਆ।