T-20 world cup: ਅਭਿਸ਼ੇਕ ਸ਼ਰਮਾ ਪੇਟ ਦੀ ਇਨਫੈਕਸ਼ਨ ਕਾਰਨ ਹਸਪਤਾਲ ਦਾਖਲ
T-20 world cup: ਭਾਰਤ ਦੇ ਧਾਕੜ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੂੰ ਪੇਟ ਦੀ ਇਨਫੈਕਸ਼ਨ ਕਾਰਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿਸ ਕਾਰਨ ਵੀਰਵਾਰ ਨੂੰ ਇੱਥੇ ਨਾਮੀਬੀਆ ਵਿਰੁੱਧ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਮੈਚ ਵਿੱਚ ਉਨ੍ਹਾਂ ਦੇ ਖੇਡਣ ‘ਤੇ ਸ਼ੱਕ ਬਣ ਗਿਆ ਹੈ। ਅਭਿਸ਼ੇਕ ਪਿਛਲੇ ਦੋ ਦਿਨਾਂ ਤੋਂ ਇੱਥੇ ਹਸਪਤਾਲ ਵਿੱਚ ਦਾਖਲ ਹਨ।
ਬੀ ਸੀ ਸੀ ਆਈ (BCCI) ਦੇ ਇੱਕ ਸੂਤਰ ਨੇ ਦੱਸਿਆ, “ਅਭਿਸ਼ੇਕ ਨੂੰ ਪੇਟ ਦੀ ਇਨਫੈਕਸ਼ਨ ਕਾਰਨ ਦਿੱਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਮੱਸਿਆ ਦਾ ਪਤਾ ਲਗਾਉਣ ਲਈ ਕੁਝ ਟੈਸਟ ਕੀਤੇ ਜਾ ਰਹੇ ਹਨ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਨੂੰ ਅੱਜ ਛੁੱਟੀ ਮਿਲੇਗੀ ਜਾਂ ਨਹੀਂ, ਪਰ ਫਿਲਹਾਲ ਨਾਮੀਬੀਆ ਵਿਰੁੱਧ ਮੈਚ ਵਿੱਚ ਉਨ੍ਹਾਂ ਦਾ ਖੇਡਣਾ ਸ਼ੱਕੀ ਜਾਪਦਾ ਹੈ।”
ਅਭਿਸ਼ੇਕ ਸ਼ਨਿਚਰਵਾਰ ਨੂੰ ਮੁੰਬਈ ਵਿੱਚ ਅਮਰੀਕਾ ਵਿਰੁੱਧ ਹੋਏ ਪਹਿਲੇ ਮੈਚ ਵਿੱਚ ਸਿਫ਼ਰ ‘ਤੇ ਆਊਟ ਹੋ ਗਏ ਸਨ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਮੈਚ ਵਿੱਚ ਹਿੱਸਾ ਨਹੀਂ ਲਿਆ ਸੀ, ਜਿੱਥੇ ਫੀਲਡਿੰਗ ਦੌਰਾਨ ਸੰਜੂ ਸੈਮਸਨ ਨੇ ਉਨ੍ਹਾਂ ਦੀ ਜਗ੍ਹਾ ਲਈ ਸੀ। ਭਾਰਤ ਲਈ ਪਹਿਲ ਨਾਮੀਬੀਆ ਦਾ ਮੈਚ ਨਹੀਂ ਬਲਕਿ 15 ਫਰਵਰੀ ਨੂੰ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਲਗਾਤਾਰ ਸੁਧਾਰ ਕਰ ਰਹੀ ਪਾਕਿਸਤਾਨੀ ਟੀਮ ਵਿਰੁੱਧ ਹੋਣ ਵਾਲਾ ਮੈਚ ਹੈ, ਜਿੱਥੇ ਪਿੱਚ ਦਾ ਸੁਭਾਅ ਥੋੜ੍ਹਾ ਵੱਖਰਾ ਹੋਵੇਗਾ।
ਹਾਲਾਂਕਿ, ਭਾਰਤੀ ਟੀਮ ਪ੍ਰਬੰਧਨ ਨੂੰ ਉਮੀਦ ਹੈ ਕਿ ਉਹ 15 ਫਰਵਰੀ ਨੂੰ ਮੈਦਾਨ ਵਿੱਚ ਹੋਣਗੇ। ਪਤਾ ਲੱਗਾ ਹੈ ਕਿ 25 ਸਾਲਾ ਅਭਿਸ਼ੇਕ ਐਤਵਾਰ ਨੂੰ ਇੱਥੇ ਮੁੱਖ ਕੋਚ ਗੌਤਮ ਗੰਭੀਰ ਦੇ ਘਰ ਰਾਤ ਦੇ ਖਾਣੇ ‘ਤੇ ਗਏ ਸਨ ਪਰ ਉਹ ਆਪਣੇ ਬਾਕੀ ਸਾਥੀਆਂ ਨਾਲੋਂ ਕਾਫੀ ਜਲਦੀ ਵਾਪਸ ਆ ਗਏ ਸਨ।