Sydney’s beach Shooting ਪਾਕਿਸਤਾਨੀ ਮੂਲ ਦੇ ਪਿਉ-ਪੁੱਤ ਨੇ ਚਲਾਈਆਂ ਗੋਲੀਆਂ; ਮ੍ਰਿਤਕਾਂ ਦੀ ਗਿਣਤੀ ਵਧ ਕੇ 16 ਹੋਈ
ਇਥੇ ਬੌਂਡੀ ਬੀਚ ’ਤੇ ਯਹੂਦੀਆਂ ਦੇ ਇਕ ਸਮਾਗਮ ਦੌਰਾਨ ਬੰਦੂਕਧਾਰੀ ਪਿਉ-ਪੁੱਤ ਵੱਲੋਂ ਚਲਾਈਆਂ ਗੋਲੀਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ, ਜਿਨ੍ਹਾਂ ਵਿਚ ਦਸ ਸਾਲਾ ਬੱਚੀ ਤੇ ਇਕ ਸ਼ੂਟਰ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੇ ਇਸ ਘਟਨਾ ਨੂੰ ਯਹੂਦੀ ਭਾਈਚਾਰੇ ਵਿਰੁੱਧ ਦਹਿਸ਼ਤੀ ਕਾਰਵਾਈ ਕਰਾਰ ਦਿੱਤਾ ਹੈ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਗੋਲੀਬਾਰੀ ਕਰਨ ਵਾਲੇ ਪਿਉ-ਪੁੱਤ ਸਨ। ਪੁਲੀਸ ਨੇ ਕਿਹਾ ਕਿ ਬੌਂਡੀ ਬੀਚ ਤੋਂ ਦੂਰ ਇੱਕ ਛੋਟੇ ਜਿਹੇ ਪਾਰਕ ਵਿੱਚ ਆਯੋਜਿਤ ਯਹੂਦੀ ਸਮਾਗਮ ਵਿਚ 1000 ਦੇ ਕਰੀਬ ਲੋਕ ਮੌਜੂਦ ਸਨ।
ਰਿਪੋਰਟ ਮੁਤਾਬਕ ਪਿਉ-ਪੁੱਤ ਦੀ ਪਛਾਣ ਪਾਕਿਸਤਾਨੀ ਮੂਲ ਦੇ ਸਾਜਿਦ ਅਕਰਮ (50) ਤੇ ਉਸ ਦੇ 24 ਸਾਲਾ ਪੁੱਤਰ ਨਾਵੀਦ ਅਕਰਮ ਵਜੋਂ ਹੋਈ ਹੈ। ਸਾਜਿਦ ਅਕਰਮ ਦੀ ਪੁਲੀਸ ਦੀ ਜਵਾਬੀ ਕਾਰਵਾਈ ਵਿਚ ਮੌਤ ਹੋ ਗਈ ਜਦੋਂਕਿ ਨਾਵੀਦ ਅਕਰਮ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਅਕਰਮ ਦੇ ਨਿਊ ਸਾਊਥ ਵੇਲਜ਼ ਡਰਾਈਵਿੰਗ ਲਾਇਸੈਂਸ ਦੀ ਇੱਕ ਤਸਵੀਰ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਦੇਸ਼ ਦੇ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਕਿ ਹਮਲੇ ਵਿਚ ਸ਼ਾਮਲ ਸਾਜਿਦ ਅਕਰਮ ਵਿਦਿਆਰਥੀ ਵੀਜ਼ੇ ’ਤੇ ਆਸਟਰੇਲੀਆ ਆਇਆ ਸੀ ਜਦੋਂਕਿ ਉਸ ਦਾ ਪੁੱਤਰ ਆਸਟਰੇਲੀਆ ਵਿਚ ਜਨਮਿਆ ਨਾਗਰਿਕ ਹੈ।
ਆਸਟਰੇਲੀਆ ਦੇ ਸਭ ਤੋਂ ਮਸ਼ਹੂਰ ਬੀਚ ’ਤੇ ਇਹ ਕਤਲੇਆਮ ਪਿਛਲੇ ਸਾਲ ਯਹੂਦੀ ਵਿਰੋਧੀ ਹਮਲਿਆਂ ਦੀ ਇੱਕ ਲਹਿਰ ਤੋਂ ਬਾਅਦ ਹੋਇਆ ਹੈ, ਹਾਲਾਂਕਿ ਅਧਿਕਾਰੀਆਂ ਨੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਹਮਲਿਆਂ ਅਤੇ ਐਤਵਾਰ ਦੀ ਗੋਲੀਬਾਰੀ ਦਾ ਕੋਈ ਸਬੰਧ ਸੀ। ਇਹ ਸਖ਼ਤ ਬੰਦੂਕ ਕੰਟਰੋਲ ਕਾਨੂੰਨਾਂ ਵਾਲੇ ਮੁਲਕ ਵਿੱਚ ਲਗਪਗ ਤਿੰਨ ਦਹਾਕਿਆਂ ਵਿੱਚ ਸਭ ਤੋਂ ਘਾਤਕ ਸਮੂਹਕ ਗੋਲੀਬਾਰੀ ਸੀ।