RBI MPC Meeting: ਰੈਪੋ ਰੇਟ ਵਿੱਚ ਕੋਈ ਬਦਲਾਅ ਨਹੀਂ, 2026 ਲਈ GDP 7.4 ਰਹਿਣ ਦੀ ਪੇਸ਼ੀਨਗੋਈ
ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (MPC) ਨੇ ਤਿੰਨ ਦਿਨ ਚੱਲੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਨੂੰ ਰੈਪੋ ਰੇਟ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਲਿਆ ਹੈ। ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਐਲਾਨ ਕਰਦਿਆਂ ਦੱਸਿਆ ਕਿ ਰੈਪੋ ਰੇਟ 5.25 ਫੀਸਦੀ ‘ਤੇ ਹੀ ਕਾਇਮ ਰਹੇਗਾ। ਗਵਰਨਰ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਲਗਾਤਾਰ ਮਜ਼ਬੂਤ ਬਣੀ ਹੋਈ ਹੈ।
ਉਨ੍ਹਾਂ ਉਮੀਦ ਜਤਾਈ ਕਿ ਵਿੱਤੀ ਸਾਲ 2025-26 ਵਿੱਚ ਅਸਲ ਜੀਡੀਪੀ ਵਿਕਾਸ ਦਰ 7.4 ਫੀਸਦੀ ਰਹੇਗੀ, ਜੋ ਪਿਛਲੇ ਸਾਲ ਨਾਲੋਂ ਵੱਧ ਹੈ। ਵਿਸ਼ਵਵਿਆਪੀ ਚੁਣੌਤੀਆਂ ਦੇ ਬਾਵਜੂਦ ਨਿੱਜੀ ਖਪਤ ਅਤੇ ਸਥਿਰ ਨਿਵੇਸ਼ ਨੇ ਆਰਥਿਕ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ (RBI) ਨੇ ਵਪਾਰਕ ਸਮਝੌਤਿਆਂ, ਜੀਐੱਸਟੀ ਤਰਕਸੰਗਤਤਾ ਅਤੇ ਮਜ਼ਬੂਤ ਖੇਤੀ ਉਤਪਾਦਨ ਦੇ ਮੱਦੇਨਜ਼ਰ ਅਗਲੇ ਵਿੱਤੀ ਸਾਲ (2026-27) ਦੀ ਪਹਿਲੀ ਅਤੇ ਦੂਜੀ ਤਿਮਾਹੀ ਲਈ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਦੇ ਅਨੁਮਾਨ ਨੂੰ ਸ਼ੁੱਕਰਵਾਰ ਨੂੰ ਵਧਾ ਕੇ ਕ੍ਰਮਵਾਰ 6.9 ਅਤੇ ਸੱਤ ਫੀਸਦੀ ਕਰ ਦਿੱਤਾ।
ਮੁਦਰਾ ਨੀਤੀ ਦੀ ਘੋਸ਼ਣਾ ਕਰਦੇ ਹੋਏ ਆਰਬੀਆਈ ਗਵਰਨਰ ਸੰਜੇ ਮਲਹੋਤਰਾ ਨੇ ਕਿਹਾ, “ਭਾਰਤੀ ਅਰਥਵਿਵਸਥਾ ਲਗਾਤਾਰ ਬਿਹਤਰ ਰਾਹ ‘ਤੇ ਬਣੀ ਹੋਈ ਹੈ ਅਤੇ 2025-26 ਵਿੱਚ ਅਸਲ ਜੀਡੀਪੀ ਦੇ 7.4 ਫੀਸਦੀ ਦੇ ਸ਼ਾਨਦਾਰ ਵਾਧੇ ਦਰਜ ਕਰਨ ਦੀ ਉਮੀਦ ਹੈ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ ਕਿਤੇ ਵੱਧ ਹੈ। ਵਿਸ਼ਵਵਿਆਪੀ ਚੁਣੌਤੀਆਂ ਦੇ ਵਿਚਕਾਰ ਨਿੱਜੀ ਖਪਤ ਅਤੇ ਸਥਿਰ ਨਿਵੇਸ਼ ਨੇ ਵਾਧੇ ਨੂੰ ਸਹਾਰਾ ਦਿੱਤਾ।”
ਗਵਰਨਰ ਨੇ ਕਿਹਾ ਕਿ ਹਾਲ ਹੀ ਵਿੱਚ ਹੋਏ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ (ਐਫਟੀਏ) ਅਤੇ ਪ੍ਰਸਤਾਵਿਤ ਭਾਰਤ-ਅਮਰੀਕਾ ਵਪਾਰ ਸਮਝੌਤੇ ਦੇ ਨਾਲ ਕਈ ਹੋਰ ਵਪਾਰਕ ਸਮਝੌਤੇ ਦਰਮਿਆਨੀ ਮਿਆਦ ਵਿੱਚ ਨਿਰਯਾਤ ਨੂੰ ਸਮਰਥਨ ਦੇਣਗੇ। ਇਸ ਤੋਂ ਇਲਾਵਾ ਕੇਂਦਰੀ ਬਜਟ ਵਿੱਚ ਘੋਸ਼ਿਤ ਕਈ ਉਪਾਅ ਵੀ ਵਾਧੇ ਲਈ ਅਨੁਕੂਲ ਰਹਿਣ ਦੀ ਸੰਭਾਵਨਾ ਹੈ।