ਬਿਹਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਦੀ ‘ਬਿਹਾਰ ਅਧਿਕਾਰ ਯਾਤਰਾ’ ਸੁਰਖੀਆਂ ਵਿੱਚ ਹੈ। ਹਾਲਾਂਕਿ, ਵੈਸ਼ਾਲੀ ਜ਼ਿਲ੍ਹੇ ਵਿੱਚ ਇੱਕ ਰੈਲੀ ਦੌਰਾਨ,ਇੱਕ ਘਟਨਾ ਨੇ ਸਿਆਸੀ ਹਲਕਿਆਂ ਨੂੰ ਹਿਲਾ ਕੇ ਰੱਖ ਦਿੱਤਾ।
ਭਾਜਪਾ ਨੇ ਇੱਕ ਵਾਰ ਫਿਰ ਤੋਂ ਦੋਸ਼ ਲਾਇਆ ਕਿ ਸਟੇਜ ’ਤੇ ਭੀੜ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਵਰਗੀ ਮਾਂ,ਹੀਰਾਬੇਨ ਮੋਦੀ ਵਿਰੁੱਧ ਅਸ਼ਲੀਲ ਟਿੱਪਣੀਆਂ ਕੀਤੀਆਂ ਗਈਆਂ ਸਨ। ਉਸ ਸਮੇਂ ਤੇਜਸਵੀ ਯਾਦਵ ਅਤੇ ਮਹੂਆ ਦੇ ਵਿਧਾਇਕ ਮੁਕੇਸ਼ ਰੋਸ਼ਨ ਸਟੇਜ ’ਤੇ ਮੌਜੂਦ ਸਨ। ਕਥਿਤ ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ।
ਵਿਵਾਦ ਵਧਣ ਤੋਂ ਬਾਅਦ ਭਾਜਪਾ ਵਰਕਰ ਕ੍ਰਿਸ਼ਨ ਸਿੰਘ ਕੱਲੂ ਨੇ ਦੇਰ ਰਾਤ ਪਟਨਾ ਗਾਂਧੀ ਮੈਦਾਨ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ। ਐਫਆਈਆਰ ਵਿੱਚ ਸਿੱਧੇ ਤੌਰ ’ਤੇ ਤੇਜਸਵੀ ਯਾਦਵ ਅਤੇ ਮੁਕੇਸ਼ ਰੋਸ਼ਨ ਦਾ ਨਾਮ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਸਟੇਜ ਤੋਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਗਈਆਂ ਸਨ ਅਤੇ ਵਿਰੋਧੀ ਨੇਤਾਵਾਂ ਨੇ ਨਾ ਤਾਂ ਰੋਕਿਆ ਅਤੇ ਨਾ ਹੀ ਇਤਰਾਜ਼ ਕੀਤਾ।
ਐਫਆਈਆਰ ਦਰਜ ਹੋਣ ਦੇ ਨਾਲ ਮਾਮਲਾ ਹੁਣ ਕਾਨੂੰਨੀ ਮੋੜ ਲੈ ਗਿਆ ਹੈ,ਅਤੇ ਇਹ ਘਟਨਾ ਚੋਣ ਮੌਸਮ ਦੌਰਾਨ ਆਰਜੇਡੀ ਲਈ ਇੱਕ ਮਹੱਤਵਪੂਰਨ ਚੁਣੌਤੀ ਪੈਦਾ ਕਰ ਸਕਦੀ ਹੈ।