Pakistan ’ਚ suicide bomber ਵੱਲੋਂ ਦਰਗਾਹ ਅੰਦਰ ਧਮਾਕਾ; 69 ਮੌਤਾਂ; 169 ਜ਼ਖ਼ਮੀ
ਇਸਲਾਮਾਬਾਦ ਦੇ ਤਰਲਾਈ ਖੇਤਰ ਵਿੱਚ ਇਮਾਮ ਬਰਗਾਹ ਕਸਰ-ਏ-ਖਾਦੀਜਾਤੁਲ ਕੁਬਰਾ ਵਿੱਚ ਸ਼ੁੱਕਰਵਾਰ ਦੀ ਨਮਾਜ਼ ਦੌਰਾਨ ਧਮਾਕਾ ਹੋਇਆ ਜਿਸ ਵਿਚ 69 ਜਣੇ ਮਾਰੇ ਗਏ ਤੇ 169 ਜ਼ਖ਼ਮੀ ਹੋਏ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਜ਼ਖਮੀਆਂ ਨੂੰ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀਆਈਐਮਐਸ) ਅਤੇ ਪੌਲੀਕਲੀਨਿਕ ਸਮੇਤ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ ਜਿੱਥੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ। ਦੂਜੇ ਪਾਸੇ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਜ਼ਖਮੀਆਂ ਦੀ ਸਹੀ ਗਿਣਤੀ ਬਾਰੇ ਸਪਸ਼ਟ ਨਹੀਂ ਹੋਇਆ। ਟੀਵੀ ਚੈਨਲਾਂ ਦੀ ਰਿਪੋਰਟ ਅਨੁਸਾਰ ਪਾਕਿਸਤਾਨ ਦੀ ਦਰਗਾਹ ਵਿਚ ਮਰਨ ਵਾਲਿਆਂ ਦੀ ਗਿਣਤੀ 69 ਤਕ ਪੁੱਜ ਗਈ ਹੈ ਜਦਕਿ 169 ਤੋਂ ਜ਼ਿਆਦਾ ਜ਼ਖ਼ਮੀ ਹੋਏ ਹਨ।
ਚਸ਼ਮਦੀਦਾਂ ਨੇ ਕਿਹਾ ਕਿ ਇਹ ਧਮਾਕਾ ਇਮਾਮ ਬਰਗਾਹ ਦੇ ਮੁੱਖ ਦਰਵਾਜ਼ੇ ਨੇੜੇ ਹੋਇਆ। ਇਸ ਸਬੰਧੀ ਸੋਸ਼ਲ ਮੀਡੀਆ ’ਤੇ ਵੀਡੀਓਜ਼ ਵਾਇਰਲ ਹੋਈਆਂ ਹਨ ਜਿਸ ਵਿੱਚ ਧਮਾਕੇ ਤੋਂ ਬਾਅਦ ਨੁਕਸਾਨੀਆਂ ਗਈਆਂ ਇਮਾਰਤਾਂ, ਟੁੱਟੇ ਹੋਏ ਸ਼ੀਸ਼ੇ ਅਤੇ ਸ਼ਰਧਾਲੂਆਂ ਅਤੇ ਸਥਾਨਕ ਨਿਵਾਸੀਆਂ ਨੂੰ ਜ਼ਖਮੀਆਂ ਦੀ ਮਦਦ ਕਰਦੇ ਦਿਖਾਇਆ ਗਿਆ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਇੱਕ ਆਤਮਘਾਤੀ ਹਮਲਾਵਰ ਨੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਗਾਰਡਾਂ ਵਲੋਂ ਰੋਕੇ ਜਾਣ ਤੋਂ ਬਾਅਦ ਉਸ ਨੇ ਗੇਟ ’ਤੇ ਆਤਮਘਾਤੀ ਬੰਬ ਦਾ ਬਟਨ ਦਬਾ ਦਿੱਤਾ।