Padma Awards Announced: ਧਰਮਿੰਦਰ ਤੇ ਰੋਹਿਤ ਸ਼ਰਮਾ ਸਣੇ 131 ਹਸਤੀਆਂ ਦਾ ਹੋਵੇਗਾ ਸਨਮਾਨ
ਕੇਂਦਰ ਸਰਕਾਰ ਨੇ ਸਾਲ 2026 ਲਈ 131 ਪਦਮ ਪੁਰਸਕਾਰਾਂ ਦਾ ਐਲਾਨ ਕਰ ਦਿੱਤਾ ਹੈ, ਜਿਨ੍ਹਾਂ ਵਿੱਚ 5 ਪਦਮ ਵਿਭੂਸ਼ਣ, 13 ਪਦਮ ਭੂਸ਼ਣ ਅਤੇ 113 ਪਦਮ ਸ਼੍ਰੀ ਸ਼ਾਮਲ ਹਨ।
ਇਸ ਵਾਰ ਸਿਨੇਮਾ ਜਗਤ ਦੇ ਦਿੱਗਜ ਮਰਹੂਮ ਅਦਾਕਾਰ ਧਰਮਿੰਦਰ ਅਤੇ ਕੇਰਲ ਦੇ ਸਾਬਕਾ ਮੁੱਖ ਮੰਤਰੀ ਵੀ. ਐੱਸ. ਅਚਿਊਤਾਨੰਦਨ ਨੂੰ ਮਰਨ ਉਪਰੰਤ ਦੇਸ਼ ਦੇ ਦੂਜੇ ਸਭ ਤੋਂ ਵੱਡੇ ਨਾਗਰਿਕ ਸਨਮਾਨ ‘ਪਦਮ ਵਿਭੂਸ਼ਣ’ ਨਾਲ ਨਿਵਾਜਿਆ ਗਿਆ ਹੈ।
ਖੇਡ ਜਗਤ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅਤੇ ਮਹਿਲਾ ਹਾਕੀ ਟੀਮ ਦੀ ਕਪਤਾਨ ਸਵਿਤਾ ਪੂਨੀਆ ਨੂੰ ‘ਪਦਮ ਸ਼੍ਰੀ’ ਦੇਣ ਦਾ ਐਲਾਨ ਕੀਤਾ ਗਿਆ ਹੈ, ਜੋ ਖੇਡ ਪ੍ਰੇਮੀਆਂ ਲਈ ਬੜੀ ਮਾਣ ਵਾਲੀ ਗੱਲ ਹੈ।
ਪਦਮ ਭੂਸ਼ਣ ਜੇਤੂਆਂ ਦੀ ਸੂਚੀ ਵਿੱਚ ਮਸ਼ਹੂਰ ਗਾਇਕਾ ਅਲਕਾ ਯਾਗਨਿਕ, ਮਲਿਆਲਮ ਸੁਪਰਸਟਾਰ ਮਮੂਟੀ, ਬੈਂਕਰ ਉਦੈ ਕੋਟਕ ਅਤੇ ਟੈਨਿਸ ਸਟਾਰ ਵਿਜੇ ਅੰਮ੍ਰਿਤਰਾਜ ਵਰਗੀਆਂ ਨਾਮਵਰ ਹਸਤੀਆਂ ਸ਼ਾਮਲ ਹਨ।
ਇਸ ਤੋਂ ਇਲਾਵਾ, ਇਸ਼ਤਿਹਾਰਬਾਜ਼ੀ ਦੇ ਮਾਹਿਰ ਪਿਊਸ਼ ਪਾਂਡੇ ਅਤੇ ਝਾਰਖੰਡ ਮੁਕਤੀ ਮੋਰਚਾ ਦੇ ਬਾਨੀ ਸ਼ਿਬੂ ਸੋਰੇਨ ਨੂੰ ਮਰਨ ਉਪਰੰਤ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ।
ਸਿੱਖਿਆ ਅਤੇ ਪ੍ਰਸ਼ਾਸਨ ਦੇ ਖੇਤਰ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਐਮ ਜਗਦੀਸ਼ ਕੁਮਾਰ ਅਤੇ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ ਹੈ।
ਪ੍ਰਧਾਨ ਮੰਤਰੀ ਮੋਦੀ ਵੱਲੋਂ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਸਾਰੇ ਪਦਮ ਪੁਰਸਕਾਰ ਜੇਤੂਆਂ ਨੂੰ ਵਿਭਿੰਨ ਖੇਤਰਾਂ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਵਧਾਈ ਦਿੱਤੀ। ਐਕਸ ’ਤੇ ਇਕ ਪੋਸਟ ਵਿਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਰਾਸ਼ਟਰ ਲਈ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਸਾਰੇ ਪਦਮ ਪੁਰਸਕਾਰ ਜੇਤੂਆਂ ਨੂੰ ਵਧਾਈਆਂ। ਵੱਖ ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਉੱਤਮਤਾ, ਸਮਰਪਣ ਅਤੇ ਸੇਵਾ ਸਾਡੇ ਸਮਾਜ ਦੇ ਤਾਣੇ-ਬਾਣੇ ਨੂੰ ਅਮੀਰ ਬਣਾਉਂਦੀ ਹੈ।’’ ਉਨ੍ਹਾਂ ਕਿਹਾ ਕਿ ਇਹ ਸਨਮਾਨ ਵਚਨਬੱਧਤਾ ਅਤੇ ਉੱਤਮਤਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਜੋ ਪੀੜ੍ਹੀਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੈ।