India latest news

Op Sindoor ਦੌਰਾਨ ਤਿੰਨਾਂ ਸੈਨਾਵਾਂ ਦੇ ਅਸਧਾਰਨ ਤਾਲਮੇਲ ਨੇ ਪਾਕਿ ਦੀਆਂ ਗੋਡਣੀਆਂ ਲੁਆਈਆਂ: ਪ੍ਰਧਾਨ ਮੰਤਰੀ

Op Sindoor ਦੌਰਾਨ ਤਿੰਨਾਂ ਸੈਨਾਵਾਂ ਦੇ ਅਸਧਾਰਨ ਤਾਲਮੇਲ ਨੇ ਪਾਕਿ ਦੀਆਂ ਗੋਡਣੀਆਂ ਲੁਆਈਆਂ: ਪ੍ਰਧਾਨ ਮੰਤਰੀ
  • PublishedOctober 20, 2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈਐੱਨਐੱਸ ਵਿਕਰਾਂਤ ’ਤੇ ਹਥਿਆਰਬੰਦ ਬਲਾਂ ਦੇ ਅਮਲੇ ਨਾਲ ਦੀਵਾਲੀ ਮਨਾਈ। ਸ੍ਰੀ ਲੰਘੀ ਰਾਤ ਹੀ ਜੰਗੀ ਬੇੇੜੇ ’ਤੇ ਪਹੁੰਚ ਗਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ Operation Sindoor ਦੌਰਾਨ ਹਥਿਆਰਬੰਦ ਬਲਾਂ ਦੀਆਂ ਤਿੰਨਾਂ ਸੈਨਾਵਾਂ (ਥਲ ਸੈਨਾ, ਜਲਸੈਨਾ ਤੇ ਹਵਾਈ ਸੈਨਾ) ਦਰਮਿਆਨ ਅਸਧਾਰਨ ਤਾਲਮੇਲ ਕਰਕੇ ਪਾਕਿਸਤਾਨ ਗੋਡੇ ਟੇਕਣ ਲਈ ਮਜਬੂਰ ਹੋ ਗਿਆ। ਮੋਦੀ ਨੇ ਸੁਰੱਖਿਆ ਬਲਾਂ ਦੀ ਬਹਾਦਰੀ ਅਤੇ ਦ੍ਰਿੜਤਾ ਦੀ ਵੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸੇ ਕਾਰਨ ਹੀ ਦੇਸ਼ ਨੇ ‘ਮਾਓਵਾਦੀ ਅਤਿਵਾਦ ਨੂੰ ਖਤਮ ਕਰਕੇ’ ਇੱਕ ਅਹਿਮ ਮੀਲ ਪੱਥਰ ਹਾਸਲ ਕੀਤਾ ਹੈ।

ਆਈਐਨਐਸ ਵਿਕਰਾਂਤ ’ਤੇ ਸਵਾਰ ਜਲਸੈਨਾ ਦੇ ਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਮੋਦੀ ਨੇ ਕਿਹਾ ਕਿ ਇਹ ਸਿਰਫ਼ ਇੱਕ ਜੰਗੀ ਬੇੜਾ ਨਹੀਂ ਹੈ, ਸਗੋਂ 21ਵੀਂ ਸਦੀ ਦੇ ਭਾਰਤ ਦੀ ਸਖ਼ਤ ਮਿਹਨਤ, ਪ੍ਰਤਿਭਾ, ਪ੍ਰਭਾਵ ਅਤੇ ਵਚਨਬੱਧਤਾ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਆਈਐਨਐਸ ਵਿਕਰਾਂਤ ਭਾਰਤ ਦੀਆਂ ਹਥਿਆਰਬੰਦ ਸੈਨਾਵਾਂ ਦੀ ਸਮਰੱਥਾ ਨੂੰ ਦਰਸਾਉਂਦਾ ਹੈ ਅਤੇ ‘ਆਤਮਨਿਰਭਰ ਭਾਰਤ’ ਦਾ ਇੱਕ ਵਿਸ਼ਾਲ ਪ੍ਰਤੀਕ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨਾਂ ਸੇਵਾਵਾਂ ਵਿੱਚ ਇਕੱਠੇ ਅਸਾਧਾਰਨ ਤਾਲਮੇਲ ਨੇ ਆਪ੍ਰੇਸ਼ਨ ਸਿੰਧੂਰ ਦੌਰਾਨ ਪਾਕਿਸਤਾਨ ਨੂੰ ਗੋਡੇ ਟੇਕਣ ਲਈ ਮਜਬੂਰ ਕੀਤਾ।

ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਭਾਰਤ ਮਾਓਵਾਦੀ ਹਿੰਸਾ ਤੋਂ ਆਜ਼ਾਦੀ ਦੀ ਦਹਿਲੀਜ਼ ’ਤੇ ਹੈ ਅਤੇ ‘‘ਇਹ ਆਜ਼ਾਦੀ ਸਾਡੇ ਦਰਵਾਜ਼ੇ ਖੜਕਾ ਰਹੀ ਹੈ।’’ ਉਨ੍ਹਾਂ ਕਿਹਾ ਕਿ ਪਹਿਲਾਂ 125 ਜ਼ਿਲ੍ਹੇ ਮਾਓਵਾਦੀ ਅਤਿਵਾਦ ਦੀ ਗ੍ਰਿਫ਼ਤ ਵਿੱਚ ਸਨ ਪਰ ਹੁਣ ਇਹ ਘਟ ਕੇ ਸਿਰਫ਼ 11 ਜ਼ਿਲ੍ਹੇ ਰਹਿ ਗਏ ਹਨ। ਉਨ੍ਹਾਂ ਕਿਹਾ, ‘‘ਹੁਣ ਤੱਕ 90 ਫੀਸਦ ਸਫਲਤਾ ਪ੍ਰਾਪਤ ਕੀਤੀ ਗਈ ਹੈ, ਮੈਨੂੰ ਵਿਸ਼ਵਾਸ ਹੈ ਕਿ ਪੁਲੀਸ ਬਲ ਮਾਓਵਾਦੀ ਹਿੰਸਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਵਿੱਚ ਸਫਲ ਹੋਣਗੇ।’’ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਆਖਿਆ ਉਨ੍ਹਾਂ ਦੀ ਸਰਕਾਰ ਭਾਰਤ ਨੂੰ ਦੁਨੀਆ ਦਾ ਸਿਖਰਲਾ ਰੱਖਿਆ ਬਰਾਮਦਕਾਰ ਬਣਾਉਣ ਦਾ ਟੀਚਾ ਰੱਖਦੀ ਹੈ। ਉਨ੍ਹਾਂ ਕਿਹਾ ਕਿ 2014 ਤੋਂ ਸਾਡੇ ਸ਼ਿਪਯਾਰਡਾਂ ਵੱਲੋਂ 40 ਤੋਂ ਵੱਧ ਜੰਗੀ ਜਹਾਜ਼ ਅਤੇ ਪਣਡੁੱਬੀਆਂ ਬਣਾਈਆਂ ਗਈਆਂ ਹਨ।