ਅਮਰੀਕਾ ਦੇ ਸੀਆਟਲ ਸ਼ਹਿਰ ਦੀ 72 ਸਾਲਾ ਐਨ ਆਰ ਆਈ ਔਰਤ ਨੂੰ ਲੁਧਿਆਣਾ ਅਧੀਨ ਪੈਂਦੇ ਪਿੰਡ ਕਿਲਾ ਰਾਏਪੁਰ ਦੇ ਇੱਕ ਘਰ ਅੰਦਰ ਕਰੀਬ ਦੋ ਮਹੀਨੇ ਪਹਿਲਾਂ ਕਤਲ ਕਰਕੇ ਉਸ ਦੀ ਲਾਸ਼ ਸਾੜੇ ਜਾਣ ਦਾ ਮਾਮਲਾ ਬੀਤੇ ਦਿਨ ਸਾਹਮਣੇ ਆਇਆ ਸੀ। ਕਤਲ ਦੇ ਮੁੱਖ ਮੁਲਜ਼ਮ ਦੀ ਪਛਾਣ ਮੱਲਾ ਪੱਤੀ ਕਿਲਾ ਰਾਏਪੁਰ ਨਿਵਾਸੀ ਸੁਖਜੀਤ ਸਿੰਘ ਸੋਨੂੰ ਵਜੋਂ ਹੋਈ ਹੈ ਜਿਸ ਨੇ ਮਹਿਮਾ ਸਿੰਘ ਵਾਲਾ ਪਿੰਡ ਦੇ ਇੰਗਲੈਂਡ ਵੱਸਦੇ ਐੱਨ ਆਰ ਆਈ ਚਰਨਜੀਤ ਸਿੰਘ ਗਰੇਵਾਲ ਵੱਲੋਂ ਘੜੀ ਸਾਜਿਸ਼ ਅਨੁਸਾਰ ਕਤਲ ਕਰਨਾ ਕਬੂਲਿਆ ਹੈ। ਰੁਪਿੰਦਰ ਕੌਰ ਪੰਧੇਰ ਦਾ ਕਤਲ ਕਰਨ ਲਈ ਸੋਨੂੰ ਨੂੰ ਪੰਜਾਹ ਲੱਖ ਰੁਪਏ ਨਗ਼ਦ ਅਦਾ ਕੀਤੇ ਜਾਣੇ ਸਨ।
ਪੁਲੀਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਅਮਰੀਕੀ ਨਾਗਰਿਕ ਔਰਤ ਰੁਪਿੰਦਰ ਕੌਰ ਪੰਧੇਰ ਦੀਆਂ ਅਸਥੀਆਂ(ਪਿੰਜਰ ਦੇ ਹਿੱਸੇ) ਅਤੇ ਮ੍ਰਿਤਕ ਦੇਹਾਂ ਦਾ ਇੱਕ ਹਿੱਸਾ ਬਰਾਮਦ ਕੀਤਾ ਹੈ।
ਸੁਖਜੀਤ ਸਿੰਘ ਸੋਨੂੰ ਨੇ ਕਬੂਲ ਕੀਤਾ ਹੈ ਕਿ ਉਸ ਨੇ 12 ਅਤੇ 13 ਜੁਲਾਈ ਦੀ ਦਰਮਿਆਨੀ ਰਾਤ ਨੂੰ ਪੰਧੇਰ ਦਾ ਕਤਲ ਕੀਤਾ ਸੀ। ਸੋਨੂੰ ਨੇ ਪੁਲੀਸ ਨੂੰ ਦੱਸਿਆ ਕਿ ਉਸ ਨੇ ਆਪਣੇ ਘਰ ਵਿੱਚ ਡੀਜ਼ਲ ਨਾਲ ਸਾੜ ਕੇ ਲਾਸ਼ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ। ਫਿਰ ਉਸ ਨੇ ਸਾਰੀ ਰਾਤ ਪਾਣੀ ਛਿੜਕ ਕੇ ਅਸਥੀਆਂ ਨੂੰ ਠੰਡਾ ਕੀਤਾ ਅਤੇ ਉਸੇ ਰਾਤ ਲਹਿਰਾ ਪਿੰਡ ਦੇ ਨੇੜੇ ਇੱਕ ਨਾਲੇ ਵਿੱਚ ਸੁਆਹ ਸੁੱਟ ਦਿੱਤੀ।
ਏਸੀਪੀ ਹਰਜਿੰਦਰ ਸਿੰਘ ਗਿੱਲ ਅਤੇ ਐੱਸਐੱਚਓ ਸੁਖਜਿੰਦਰ ਸਿੰਘ ਦੀ ਅਗਵਾਈ ਹੇਠ ਪੁਲੀਸ ਨੇ ਪਿੰਜਰ ਦੇ ਕੁਝ ਹਿੱਸੇ ਬਰਾਮਦ ਕੀਤੇ, ਜਿਨ੍ਹਾਂ ਦੀ ਵਰਤੋਂ ਮ੍ਰਿਤਕ ਦੀ ਪਛਾਣ ਸਥਾਪਤ ਕਰਨ ਲਈ ਕੀਤੀ ਜਾਵੇਗੀ।