Nightclub fire: ਗੋਆ ਪੁਲੀਸ ਨੂੰ ਅਜੈ ਗੁਪਤਾ ਦਾ 36 ਘੰਟਿਆਂ ਦਾ ਟਰਾਂਜ਼ਿਟ ਰਿਮਾਂਡ ਮਿਲਿਆ
ਦਿੱਲੀ ਦੀ ਅਦਾਲਤ ਨੇ ਬੁੱਧਵਾਰ ਨੂੰ ਗੋਆ ਪੁਲੀਸ ਨੂੰ ਅਜੈ ਗੁਪਤਾ ਦਾ 36 ਘੰਟੇ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ ਹੈ। ਗੁਪਤਾ ਬਿਰਚ ਬਾਏ ਰੋਮੀਓ ਲੇਨ ਨਾਈਟ ਕਲੱਬ ਦੇ ਚਾਰ ਮਾਲਕਾਂ ਵਿੱਚੋਂ ਇੱਕ ਹੈ। ਇਸ ਕਲੱਬ ਵਿਚ 6 ਦਸੰਬਰ ਨੂੰ ਅੱਗ ਲੱਗਣ ਕਰ ਕੇ 25 ਲੋਕਾਂ ਦੀ ਮੌਤ ਹੋ ਗਈ ਸੀ। ਗੁਪਤਾ ਨੂੰ ਇਸ ਘਟਨਾ ਦੇ ਸਬੰਧ ਵਿੱਚ ਪੁੱਛਗਿੱਛ ਲਈ ਗੋਆ ਪੁਲੀਸ ਵੱਲੋਂ ਦਿੱਲੀ ਵਿੱਚ ਹਿਰਾਸਤ ’ਚ ਲਿਆ ਗਿਆ ਸੀ।
ਗੋਆ ਪੁਲੀਸ ਨੇ ਉਸ ਨੂੰ ਵਧੀਕ ਚੀਫ ਜੁਡੀਸ਼ਲ ਮੈਜਿਸਟਰੇਟ ਵਿਨੋਦ ਜੋਸ਼ੀ ਦੇ ਸਾਹਮਣੇ ਪੇਸ਼ ਕਰਕੇ ਟਰਾਂਜ਼ਿਟ ਰਿਮਾਂਡ ਦੀ ਮੰਗ ਕੀਤੀ। ਇੰਡੀਗੋ ਨੂੰ ਦਰਪੇਸ਼ ਸੰਕਟ ਕਰਕੇ ਹਵਾਈ ਯਾਤਰਾ ਵਿਚ ਪਏ ਅੜਿੱਕੇ ਦੇ ਮੱਦੇਨਜ਼ਰ ਅਦਾਲਤ ਨੇ ਗੋਆ ਪੁਲੀਸ ਨੂੰ ਗੁਪਤਾ ਦਾ 36 ਘੰਟੇ ਦਾ ਟਰਾਂਜ਼ਿਟ ਰਿਮਾਂਡ ਦੇ ਦਿੱਤਾ। ਜੱਜ ਨੇ ਨਿਰਦੇਸ਼ ਦਿੱਤਾ ਕਿ ਗੁਪਤਾ ਦੀ ਰੀੜ੍ਹ ਦੀ ਹੱਡੀ ਦੀ ਸੱਟ ਅਤੇ ਹੋਰ ਡਾਕਟਰੀ ਮੁੱਦਿਆਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ, ਅਤੇ ਹਿਰਾਸਤ ਦੌਰਾਨ ਸਮੇਂ ਸਿਰ ਦਵਾਈ ਯਕੀਨੀ ਬਣਾਈ ਜਾਵੇ।