India latest news

Lucknow: ਪੁੱਤਰ ਹੀ ਨਿਕਲਿਆ ਪਿਤਾ ਦਾ ਕਾਤਲ: NEET ਦੀ ਪੜ੍ਹਾਈ ਦੇ ਦਬਾਅ ਕਾਰਨ ਕੀਤੀ ਵਾਰਦਾਤ

Lucknow: ਪੁੱਤਰ ਹੀ ਨਿਕਲਿਆ ਪਿਤਾ ਦਾ ਕਾਤਲ: NEET ਦੀ ਪੜ੍ਹਾਈ ਦੇ ਦਬਾਅ ਕਾਰਨ ਕੀਤੀ ਵਾਰਦਾਤ
  • PublishedFebruary 24, 2026

ਲਖਨਊ ਦੇ ਆਸ਼ਿਆਨਾ ਇਲਾਕੇ ਵਿੱਚ ਆਪਣੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਕਰਨ, ਲਾਸ਼ ਦੇ ਟੁਕੜੇ ਕਰ ਕੇ ਧੜ ਨੂੰ ਡਰੰਮ ਵਿੱਚ ਲੁਕਾਉਣ ਦੇ ਦੋਸ਼ ਵਿੱਚ 21 ਸਾਲਾ ਪੁੱਤ ਦੀ ਗ੍ਰਿਫ਼ਤਾਰੀ ਹੋਈ ਹੈ। ਅਧਿਕਾਰੀ ਮੁਤਾਬਿਕ ਮੁਲਜ਼ਮ ਨੂੰ ਪੁਲੀਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੇ ਹੋਰ ਪਹਿਲੂਆਂ ਦਾ ਪਤਾ ਲਗਾਉਣ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ।

ਵਧੀਕ ਡੀਸੀਪੀ (ਸੈਂਟਰਲ) ਜਤਿੰਦਰ ਕੁਮਾਰ ਦੂਬੇ ਨੇ ਦੱਸਿਆ ਕਿ ਮੁਲਜ਼ਮ ਅਕਸ਼ਤ ਸਿੰਘ ਪੁਲੀਸ ਹਿਰਾਸਤ ਵਿੱਚ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਦੂਬੇ ਨੇ ਕਿਹਾ, “ਮੁੱਢਲੀ ਜਾਂਚ ਵਿੱਚ ਘਟਨਾ ਦੀ ਜੜ੍ਹ ਪਿਤਾ ਵੱਲੋਂ ਉਸ ਨੂੰ ਪੜ੍ਹਾਈ ਵੱਲ ਧਿਆਨ ਦੇਣ ਅਤੇ NEET ਮੈਡੀਕਲ ਪ੍ਰਵੇਸ਼ ਪ੍ਰੀਖਿਆ ਪਾਸ ਕਰਨ ਲਈ ਵਾਰ-ਵਾਰ ਦਬਾਅ ਪਾਉਣ ਕਾਰਨ ਪੈਦਾ ਹੋਇਆ ਗੁੱਸਾ ਜਾਪਦੀ ਹੈ। ਹਾਲਾਂਕਿ, ਅਗਲੇਰੀ ਪੁੱਛਗਿੱਛ ਜਾਰੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।”

ਡੀਸੀਪੀ (ਸੈਂਟਰਲ) ਵਿਕਰਾਂਤ ਵੀਰ ਨੇ ਦੱਸਿਆ ਕਿ ਅਕਸ਼ਤ ਨੇ ਕਥਿਤ ਤੌਰ ‘ਤੇ 20 ਫਰਵਰੀ ਨੂੰ ਸਵੇਰੇ 4.30 ਵਜੇ ਦੇ ਕਰੀਬ ਇੱਕ ਵਿਵਾਦ ਤੋਂ ਬਾਅਦ ਆਪਣੇ ਪਿਤਾ ਮਾਨਵੇਂਦਰ ਸਿੰਘ (50) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਮੁਲਜ਼ਮ ਨੇ ਬਾਅਦ ਵਿੱਚ ਸਬੂਤ ਨਸ਼ਟ ਕਰਨ ਦੀ ਕੋਸ਼ਿਸ਼ ਵਿੱਚ ਸਰੀਰ ਦੇ ਅੰਗਾਂ ਨੂੰ ਕੱਟ ਦਿੱਤਾ, ਕੱਟੇ ਹੋਏ ਹੱਥਾਂ ਅਤੇ ਲੱਤਾਂ ਨੂੰ ਲਖਨਊ ਵਿੱਚ ਵੱਖ-ਵੱਖ ਥਾਵਾਂ ‘ਤੇ ਸੁੱਟ ਦਿੱਤਾ, ਜਦੋਂ ਕਿ ਧੜ ਨੂੰ ਆਪਣੇ ਘਰ ਦੀ ਹੇਠਲੀ ਮੰਜ਼ਿਲ ‘ਤੇ ਰੱਖੇ ਇੱਕ ਡਰੱਮ ਦੇ ਅੰਦਰ ਲੁਕਾ ਦਿੱਤਾ ਸੀ।

ਪੁਲੀਸ ਨੇ ਦੱਸਿਆ ਕਿ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਅਤੇ ਕਤਲ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਫੋਰੈਂਸਿਕ ਟੀਮ ਨੇ ਮੌਕੇ ਦਾ ਮੁਆਇਨਾ ਕੀਤਾ ਹੈ ਅਤੇ ਸਬੂਤ ਇਕੱਠੇ ਕੀਤੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਇਸ ਭਿਆਨਕ ਅਪਰਾਧ ਨੇ ਆਸ਼ਿਆਨਾ ਦੇ ਸੈਕਟਰ ਐਲ ਦੇ ਨਿਵਾਸੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇੱਕ ਗੁਆਂਢੀ, ਜੋ ਮਾਨਵੇਂਦਰ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਨਾਲ ਪਿਤਾ ਦੀ ਭਾਲ ਵਿੱਚ ਸ਼ਾਮਲ ਹੋਇਆ ਸੀ। ਗੁਆਂਡੀ ਨੇ ਕਿਹਾ ਕਿ ਇਹ ਕਲਪਨਾ ਤੋਂ ਬਾਹਰ ਸੀ ਕਿ ਪੁੱਤਰ ਅਜਿਹੀ ਹਰਕਤ ਕਰ ਸਕਦਾ ਹੈ।

ਗੁਆਂਢੀ ਨੇ ਦੱਸਿਆ ਕਿ 20 ਫਰਵਰੀ ਨੂੰ ਜਦੋਂ ਪਰਿਵਾਰ ਨੇ ਮਾਨਵੇਂਦਰ ਦੇ ਲਾਪਤਾ ਹੋਣ ਦਾ ਦਾਅਵਾ ਕੀਤਾ ਤਾਂ ਸਥਾਨਕ ਲੋਕ ਉਨ੍ਹਾਂ ਦੇ ਨਾਲ ਪੁਲੀਸ ਸਟੇਸ਼ਨ ਗਏ ਸਨ। ਹਾਲਾਂਕਿ, ਅਕਸ਼ਤ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਦੱਸਿਆ ਕਿ ਉਹ ਪਹਿਲਾਂ ਹੀ ਸ਼ਿਕਾਇਤ ਦਰਜ ਕਰਵਾ ਚੁੱਕਾ ਹੈ ਅਤੇ ਪੁਲੀਸ ਦੇ ਸੰਪਰਕ ਵਿੱਚ ਹੈ, ਜਿਸ ਨਾਲ ਉਸ ਨੇ ਆਪਣੇ ਉੱਪਰੋਂ ਸ਼ੱਕ ਹਟਾ ਦਿੱਤਾ ਸੀ।

ਪੁਲੀਸ ਅਤੇ ਗੁਆਂਢੀਆਂ ਨੇ ਦੱਸਿਆ ਕਿ ਮਾਨਵੇਂਦਰ ਸਿੰਘ ਦੀ ਪਤਨੀ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਅਤੇ ਹੁਣ ਪਰਿਵਾਰ ਵਿੱਚ ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਸੀ। ਇਹ ਪਰਿਵਾਰ ਤਿੰਨ ਮੰਜ਼ਿਲਾ ਮਕਾਨ ਦੀ ਤੀਜੀ ਮੰਜ਼ਿਲ ‘ਤੇ ਰਹਿੰਦਾ ਸੀ, ਜਦਕਿ ਵਿਚਕਾਰਲੀ ਮੰਜ਼ਿਲ ਕਿਰਾਏ ‘ਤੇ ਦਿੱਤੀ ਹੋਈ ਸੀ ਅਤੇ ਜ਼ਮੀਨੀ ਮੰਜ਼ਿਲ (ਗਰਾਊਂਡ ਫਲੋਰ) ਖਾਲ੍ਹੀ ਸੀ।”